ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ

guru-nanak-dev-ji-gurpurab

 

ਸਤਿਗੁਰ ਨਾਨਕ ਪ੍ਰਗਟਿਆ

ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਅਤੇ ਉਨ੍ਹਾਂ ਦੀ ਮਹਾਨ ਰੂਹਾਨੀ ਸ਼ਖ਼ਸੀਅਤ ਨੂੰ ਬੜੇ ਖੂਬਸੂਰਤ ਢੰਗ ਨਾਲ ਕਲਮਬੰਦ ਕੀਤਾ ਹੈ। ਭਾਈ ਸਾਹਿਬ ਦਾ ਕਥਨ ਹੈ-ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਅਗਿਆਨਤਾ ਦਾ ਹਨੇਰਾ ਮਿਟ ਗਿਆ ਅਤੇ ਸਾਰੇ ਸੰਸਾਰ ਵਿਚ ਗਿਆਨ ਦਾ ਚਾਨਣ ਹੋ ਗਿਆ। ਜਿਸ ਤਰ੍ਹਾਂ ਸੂਰਜ ਦੇ ਨਿਕਲਣ ਨਾਲ ਤਾਰੇ ਛੁਪ ਜਾਂਦੇ ਹਨ ਅਤੇ ਹਨੇਰਾ ਦੂਰ ਹੋ ਜਾਂਦਾ ਹੈ, ਜਿਸ ਤਰ੍ਹਾਂ ਸ਼ੇਰ ਦੇ ਗਰਜਣ ਨਾਲ ਹਿਰਨਾਂ ਦੀਆਂ ਡਾਰਾਂ ਭੱਜ ਜਾਂਦੀਆਂ ਹਨ, ਧੀਰਜ ਨਹੀਂ ਧਰਦੀਆਂ-ਇਸ ਤਰ੍ਹਾਂ ਵਾਪਰ ਗਿਆ। ਜਿਥੇ ਵੀ ਬਾਬਾ ਨਾਨਕ ਪੈਰ ਧਰ ਦਿੰਦੇ ਹਨ, ਉਹੀ ਸਥਾਨ ਪੂਜਾ ਦੇ ਆਸਣ ਵਜੋਂ ਸੁਭਾਇਮਾਨ ਹੋ ਜਾਂਦਾ ਹੈ। ਜਗਤ ਦੇ ਜਿਹੜੇ ਵੀ ਕੋਈ ਸਿੱਧ ਅਸਥਾਨ ਹਨ, ਉਹ ਨਾਨਕ ਮੱਤੇ ਬਣ ਗਏ ਹਨ। ਘਰ-ਘਰ ਵਿਚ ਧਰਮਸ਼ਾਲਾਂ ਕਾਇਮ ਹੋ ਗਈਆਂ, ਜਿਥੇ ਸਦਾ ਵਿਸਾਖੀ ਦੇ ਦਿਨ ਵਾਂਗ ਕੀਰਤਨ ਹੋਣ ਲੱਗ ਪਿਆ ਹੈ। ਬਾਬਾ ਨਾਨਕ ਨੇ ਚਾਰੇ ਦਿਸ਼ਾਵਾਂ ਅਤੇ ਨੌ-ਖੰਡ ਪ੍ਰਿਥਵੀ ਨੂੰ ਸੱਚੇ ਨਾਮ ਦਾ ਸਹਾਰਾ ਦੇ ਕੇ ਤਾਰ ਦਿੱਤਾ। ਇਸ ਤਰ੍ਹਾਂ ਕਲਜੁਗ ਵਿਚ ਸ਼੍ਰੋਮਣੀ ਗੁਰੂ ਪ੍ਰਗਟ ਹੋ ਗਏ ਹਨ :

ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਧੁ ਜਗਿ ਚਾਨਣੁ ਹੋਆ॥
ਜਿਉ ਕਰ ਸੂਰਜੁ ਨਿਕਲਿਆ
ਤਾਰੇ ਛਪਿ ਅੰਧੇਰੁ ਪਲੋਆ॥
ਸਿੰਘ ਬੁਕੇ ਮਿਰਗਾਵਲੀ
ਭੰਨੀ ਜਾਏ ਨ ਧੀਰਿ ਧਰੋਆ॥
ਜਿਥੈ ਬਾਬਾ ਪੈਰ ਧਰਿ
ਪੂਜਾ ਆਸਣੁ ਥਾਪਣਿ ਸੋਆ॥
ਸਿਧਾਆਸਣਿ ਸਭਿ ਜਗਤਿ
ਦੇ ਨਾਨਕ ਆਦਿ ਮਤੇ ਜੇ ਕੋਆ॥
ਘਰਿ ਘਰਿ ਅੰਦਰਿ ਧਰਮਸਾਲ ਹੋਵੈ
ਕੀਰਤਨੁ ਸਦਾ ਵਿਸੋਆ॥
ਬਾਬੇ ਤਾਰੇ ਚਾਰਿ ਚਕਿ ਨਉ ਖੰਡਿ
ਪ੍ਰਿਥਮੀ ਸਚਾ ਢੋਆ॥
ਗੁਰਮੁਖਿ ਕਲਿ ਵਿਚਿ ਪਰਗਟੁ ਹੋਆ॥
ਇਕ ਹੋਰ ਰਚਨਾ ਵਿਚ ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਬਾਬਾ ਨਾਨਕ ਹਿੰਦੂ ਅਤੇ ਮੁਸਲਮਾਨ, ਦੋਹਾਂ ਧਰਮਾਂ ਦੇ ਪੈਰੋਕਾਰਾਂ ਵਿਚ ਇਕੋ ਜਿਹਾ ਰੁਤਬਾ ਰੱਖਦੇ ਹਨ। ਬਾਬਾ ਨਾਨਕ ਜ਼ਾਹਰ ਪੀਰ ਵੀ ਹਨ ਅਤੇ ਜਗਤ ਗੁਰੂ ਵੀ ਹਨ। ਹਿੰਦੂ ਲੋਕੀਂ ਗੰਗਾ ਤੇ ਕਾਸ਼ੀ ਜਾਂਦੇ ਹਨ, ਮੁਸਲਮਾਨ ਮੱਕੇ-ਕਾਅਬੇ ਦੀ ਜ਼ਿਆਰਤ ਕਰਦੇ ਹਨ। ਪਰ ਦੋਵਾਂ ਧਰਮਾਂ ਦੇ ਪੈਰੋਕਾਰਾਂ ਵਿਚ ਬਾਬੇ ਨਾਨਕ ਨੂੰ ਗਾਇਆ ਜਾਂਦਾ ਹੈ, ਛੈਣੇ, ਮ੍ਰਿਦੰਗ ਅਤੇ ਰਬਾਬ ਵਜਾਏ ਜਾਂਦੇ ਹਨ। ਅਜਿਹਾ ਇਸ ਲਈ ਹੈ ਕਿ ਗੁਰੂ ਨਾਨਕ ਭਗਤ-ਵਛਲ ਬਣ ਕੇ ਆਏ ਹਨ, ਪਾਪੀਆਂ ਦਾ ਉਧਾਰ ਕਰਨ ਵਾਲੇ ਹਨ। ਉਨ੍ਹਾਂ ਦੀ ਕਿਰਪਾ ਨਾਲ ਹਿੰਦੂਆਂ ਦੇ ਚਾਰੇ ਵਰਣ ਇਕ ਵਰਣ ਹੋ ਕੇ ਸਾਧ ਸੰਗਤ ਵਿਚ ਜੁੜ ਬੈਠਦੇ ਹਨ। ਜਿਸ ਤਰ੍ਹਾਂ ਚੰਦਨ ਦੀ ਵਾਸ਼ਨਾ ਕਰਕੇ ਸਾਰੀ ਬਨਸਪਤੀ ਚੰਦਨ ਹੋ ਜਾਂਦੀ ਹੈ, ਉਸ ਵਿਚ ਕੋਈ ਭਿੰਨ-ਭੇਦ ਤੇ ਵਿਤਕਰਾ ਬਾਕੀ ਨਹੀਂ ਰਹਿੰਦਾ, ਉਸੇ ਤਰ੍ਹਾਂ ਗੁਰੂ ਨਾਨਕ ਦੀ ਸਾਰੀ ਸੰਗਤ ਇਕਸਾਰ ਹੈ। ਹਰ ਕੋਈ ਉਸ ਦੇ ਹੁਕਮ ਵਿਚ ਬੰਨ੍ਹਿਆ ਹੋਇਆ ਹੈ, ਕਿਸ ਵਿਚ ਸ਼ਕਤੀ ਹੈ ਕਿ ਅੱਗੋਂ ਜੁਆਬ ਦੇਵੇ। ਬਾਬਾ ਨਾਨਕ ਮੁਸਲਮਾਨਾਂ ਦੇ ਪੀਰ ਅਤੇ ਹਿੰਦੂਆਂ ਦੇ ਗੁਰੂ ਹੋ ਨਿਬੜੇ ਹਨ :
ਗੰਗ ਬਨਾਰਸਿ ਹਿੰਦੂਆਂ
ਮੁਸਲਮਾਣਾਂ ਮਕਾ ਕਾਬਾ।
ਘਰਿ ਘਰਿ ਬਾਬਾ ਗਾਵੀਐ
ਵਜਨਿ ਤਾਲ ਮਰਿਦੰਗੁ ਰਬਾਬਾ।
ਭਗਤਿ ਵਛਲੁ ਹੋਇ ਆਇਆ
ਪਤਿਤ ਉਧਾਰਣੁ ਅਜਬੁ ਅਜਾਬਾ।
ਚਾਰਿ ਵਰਨ ਇਕ ਵਰਨ ਹੋਇ ਸਾਧ ਸੰਗਤਿ ਮਿਲਿ ਹੋਇ ਤਰਾਬਾ।
ਚੰਦਨੁ ਵਾਸੁ ਵਣਾਸਪਤਿ ਅਵਲਿ ਦੋਮ ਨ ਸੇਮ ਖਰਾਬਾ।
ਹੁਕਮੈ ਅੰਦਰਿ ਸਭ ਕੋ ਕੁਦਰਤਿ ਕਿਸ ਦੀ ਕਰੇ ਜਵਾਬਾ।
ਜਾਹਰ ਪੀਰੁ ਜਗਤੁ ਗੁਰ ਬਾਬਾ।
ਇਤਿਹਾਸ ਵੱਲ ਨਿਗਾਹ ਮਾਰੀਏ ਤਾਂ ਇਹ ਹਕੀਕਤ ਬੜੀ ਸ਼ਿੱਦਤ ਨਾਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਹਰ ਬੋਲ ਅਤੇ ਹਰ ਵਿਹਾਰ ਵਿਚ ਸਾਰੀ ਮਨੁੱਖਤਾ ਦੇ ਕਲਿਆਣ ਲਈ ਸਰਬ ਸਾਂਝਾ ਸੰਦੇਸ਼ ਸਮੋਇਆ ਹੋਇਆ ਹੈ। ਉਨ੍ਹਾਂ ਦੇ ਜੀਵਨ ਦੀ ਹਰ ਘਟਨਾ, ਉਨ੍ਹਾਂ ਦੀ ਵਿਆਪਕ ਅਤੇ ਵਿਸ਼ਾਲ ਦ੍ਰਿਸ਼ਟੀ ਦਾ ਪ੍ਰਮਾਣ ਦਿੰਦੀ ਹੈ। ਇਥੇ ਮੈਂ ‘ਵੇਈ ਨਦੀ’ ਵਾਲੀ ਘਟਨਾ ਦਾ ਉਚੇਚਾ ਜ਼ਿਕਰ ਕਰਨਾ ਚਾਹੁੰਦਾ ਹਾਂ। ਇਸ ਘਟਨਾ ਦਾ ਇਕ ਵੱਡਾ ਇਤਿਹਾਸਕ ਮਹੱਤਵ ਹੈ। ਜਨਮ ਸਾਖੀਆਂ ਦੱਸਦੀਆਂ ਹਨ ਕਿ ‘ਵੇਈਂ ਨਦੀ’ ਵਿਚ ਇਸ਼ਨਾਨ ਕਰਨ ਗਏ ਗੁਰੂ ਸਾਹਿਬ ਜਦੋਂ ਨਦੀ ਤੋਂ ਬਾਹਰ ਆਏ ਤਾਂ ਉਨ੍ਹਾਂ ਦੇ ਮੁਖਾਰਬਿੰਦ ‘ਚੋਂ ਜਿਹੜਾ ਸਭ ਤੋਂ ਪਹਿਲਾ ਵਾਕ ਨਿਕਲਿਆ ਸੀ, ਉਹ ਸੀ-‘ਨਾ ਕੋ ਹਿੰਦੂ ਨਾ ਮੁਸਲਮਾਨ’। ਜਦੋਂ ਗੁਰੂ ਸਾਹਿਬ ਨੂੰ ਪੁੱਛਿਆ ਗਿਆ ਕਿ ਜੇ ਕੋਈ ਹਿੰਦੂ ਜਾਂ ਮੁਸਲਮਾਨ ਨਹੀਂ ਤਾਂ ਕਿਸ ਨੂੰ ਮੰਨੀਏ, ਕਿਸ ਰਾਹ ‘ਤੇ ਤੁਰੀਏ। ਗੁਰੂ ਜੀ ਨੇ ਫ਼ਰਮਾਇਆ-‘ਖੁਦਾ ਦੇ ਰਾਹ ਚਲੋ, ਖੁਦਾ ਨਾ ਹਿੰਦੂ ਹੈ ਨਾ ਮੁਸਲਮਾਨ। ਸਾਡੀ ਨਜ਼ਰ ਵਿਚ ਦੋਵਾਂ ਵਿਚ ਕੋਈ ਫਰਕ ਨਹੀਂ, ਦੇਹ ਹੀ ਹਿੰਦੂ ਹੈ ਦੇਹ ਹੀ ਮੁਸਲਮਾਨ’।
ਅਸਲ ਵਿਚ, ਗੁਰੂ ਨਾਨਕ ਦੇਵ ਜੀ ਨੇ ਧਰਮਾਂ ਦੀਆਂ ਹੱਦਬੰਦੀਆਂ ਨਕਾਰ ਕੇ ‘ਮਨੁੱਖ’ ਨੂੰ ਆਪਣਾ ਕੇਂਦਰੀ ਸਰੋਕਾਰ ਬਣਾਉਣ ਦਾ ਯਤਨ ਕੀਤਾ ਸੀ। ਧਰਮਾਂ ਵਿਚਕਾਰਲੀਆਂ ਵੰਡੀਆਂ ਅਤੇ ਵਖਰੇਵਿਆਂ ਤੋਂ ਪਾਰ ਉਨ੍ਹਾਂ ਅੰਦਰ ਮੌਜੂਦ ਸਾਂਝੇ ਤੇ ਸਦੀਵੀ ਮਨੁੱਖੀ ਤੱਤ ਨੂੰ ਪਛਾਨਣ ਦਾ ਸੰਦੇਸ਼ ਦਿੱਤਾ ਸੀ। ‘ਨਾ ਕੋ ਹਿੰਦੂ ਨਾ ਮੁਸਲਮਾਨ’ ਕੋਈ ਸਾਧਾਰਨ ਬਚਨ ਨਹੀਂ, ਸਗੋਂ ਇਕ ਸੰਪੂਰਨ ਫ਼ਲਸਫ਼ਾ ਸੀ। ‘ਹਿੰਦੂ’ ਤੇ ‘ਮੁਸਲਮਾਨ’ ਸ਼ਬਦ ਤਾਂ ਇਸ ਵਿਚ ਸਿਰਫ਼ ਪ੍ਰਤੀਕ ਸਨ। ਇਸ ਫ਼ਲਸਫ਼ੇ ਦਾ ਪ੍ਰਗਟਾਅ ਉਦਾਸੀਆਂ ਦੌਰਾਨ ਆਪਣੀ ਮੱਕੇ ਦੀ ਯਾਤਰਾ ਵਿਚ ਵੀ ਗੁਰੂ ਸਾਹਿਬ ਨੇ ਕੀਤਾ ਸੀ। ਭਾਈ ਗੁਰਦਾਸ ਜੀ ਅਨੁਸਾਰ ਜਦੋਂ ਮੱਕੇ ਦੀ ਧਰਤੀ ‘ਤੇ ਇਸਲਾਮ ਦੇ ਧਾਰਮਿਕ ਆਗੂਆਂ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਪੁੱਛਿਆ-‘ਦੱਸੋ, ਹਿੰਦੂ ਵੱਡਾ ਹੈ ਕਿ ਮੁਸਲਮਾਨ।’ ਗੁਰੂ ਸਾਹਿਬ ਦਾ ਜਵਾਬ ਸੀ ਕਿ ਗੱਲ ਹਿੰਦੂ ਜਾਂ ਮੁਸਲਮਾਨ ਹੋਣ ਦੀ ਨਹੀਂ, ਗੱਲ ਤਾਂ ਇਕ ਮਨੁੱਖ ਦੇ ਰੂਪ ਵਿਚ ਉਸ ਦੇ ਕੀਤੇ ਕਰਮਾਂ ਦੀ ਹੈ-‘ਬਾਬਾ ਆਖੇ ਹਾਜੀਆ ਸ਼ੁਭ ਅਮਲਾਂ ਬਾਜੋ ਦੋਨੋ ਰੋਈ’।
ਇਸੇ ਸੰਦਰਭ ਵਿਚ ਇਕ ਹੋਰ ਗੱਲ ਉਚੇਚੇ ਧਿਆਨਯੋਗ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਘੇਰਾ ਵਿਸ਼ਵ-ਵਿਆਪੀ ਹੈ। ਉਸ ਦੇ ਸਰੋਕਾਰ ਗਲੋਬਲ ਹਨ। ਉਸ ਵਿਚ ਸਮੋਏ ਹੋਏ ਸੰਦੇਸ਼ ਦੀ ਪ੍ਰਕ੍ਰਿਤੀ ਤੇ ਪਹੁੰਚ ਗਲੋਬਲ ਹੈ। ਗੁਰੂ ਸਾਹਿਬ ਦੀ ਬਾਣੀ ਪਾਰਗਾਮੀ ਹੈ ਅਤੇ ਸੰਵੇਦਨਸ਼ੀਲ ਹੈ। ਸਮੁੱਚੀ ਮਨੁੱਖਤਾ ਦਾ ਦਰਦ ਉਸ ਵਿਚ ਸਮੋਇਆ ਹੋਇਆ ਹੈ। ਆਸਾ ਦੀ ਵਾਰ ਵਿਚ ਦਰਜ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀਆਂ ਇਹ ਪੰਕਤੀਆਂ, ਇਸ ਹਵਾਲੇ ਨਾਲ ਇਥੇ ਜ਼ਿਕਰਯੋਗ ਹਨ :
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ॥
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ॥
ਅੰਡਜ ਜੇਰਜ ਓੁਤਭੁਜਾਂ ਖਾਣੀ ਸੇਤਜਾਂਹ॥
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ॥
ਨਾਨਕ ਜੰਤ ਓੁਪਾਇ ਕੈ ਸੰਮਾਲੇ ਸਭਨਾਹ॥
ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ॥
ਇਨ੍ਹਾਂ ਪੰਕਤੀਆਂ ਵਿਚ ਵੇਖਿਆ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਸਰੋਕਾਰਾਂ ਦਾ ਘੇਰਾ ਕਿੰਨਾ ਵੱਡਾ ਹੈ। ਉਸ ਵਿਚ ਮਨੁੱਖਾਂ, ਰੁੱਖਾਂ, ਤੀਰਥਾਂ, ਨਦੀਆਂ ਦੇ ਕੰਢਿਆਂ, ਬੱਦਲਾਂ, ਖੇਤਾਂ, ਟਾਪੂਆਂ, ਲੋਕਾਂ, ਮੰਡਲਾਂ, ਖੰਡਾਂ, ਬ੍ਰਹਿਮੰਡਾਂ ਵਾਲੇ, ਚਾਰੇ ਖਾਣੀਆਂ-ਅੰਡਜ, ਜੇਰਜ, ਉਤਭੁਜ, ਸੇਤਜ ਤੋਂ ਪੈਦਾ ਹੋਣ ਵਾਲੇ ਜੀਵਾਂ, ਸਮੁੰਦਰਾਂ ਪਹਾੜਾਂ ਵਿਚ ਵਸਣ ਵਾਲੇ ਅਣਗਿਣਤ ਜੀਵ ਸ਼ਾਮਿਲ ਹਨ। ਇਨ੍ਹਾਂ ਜੀਵਾਂ ਦੀ ਗਿਣਤੀ-ਮਿਣਤੀ ਸਿਰਫ ਉਹ ਪਰਮਾਤਮਾ ਹੀ ਜਾਣਦਾ ਹੈ। ਇਨ੍ਹਾਂ ਸਾਰੇ ਜੀਅ-ਜੰਤਾਂ ਨੂੰ ਪੈਦਾ ਕਰਕੇ ਉਨ੍ਹਾਂ ਦੀ ਸਾਂਭ-ਸੰਭਾਲ ਵੀ ਉਹ ਪਰਮਾਤਮਾ ਕਰਦਾ ਹੈ। ਜਿਸ ਰਚਣਹਾਰੇ ਨੇ ਇਸ ਵੱਡੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਸ ਦੀ ਚਿੰਤਾ ਵੀ ਉਸੇ ਨੂੰ ਹੈ।
ਇਕ ਨੁਕਤਾ ਹੋਰ। ਗੁਰੂ ਨਾਨਕ ਕਿਸੇ ਸੀਮਾ ਨੂੰ ਨਹੀਂ ਮੰਨਦੇ, ਕੋਈ ਬੰਧਨ ਉਨ੍ਹਾਂ ਨੂੰ ਰੋਕਣ ਦੇ ਸਮਰੱਥ ਨਹੀਂ। ਹਰ ਸੀਮਾ ਤੇ ਬੰਧਨ ਗੁਰੂ ਨਾਨਕ ਸਾਹਮਣੇ ਟੁੱਟਦਾ ਚਲਿਆ ਜਾਂਦਾ ਹੈ। ਸੀਮਾਵਾਂ ਉੱਸਰਦੀਆਂ ਜ਼ਰੂਰ ਰਹੀਆਂ ਹਨ, ਬੰਧਨ ਵੀ ਪੈਂਦੇ ਰਹੇ ਹਨ, ਪਰ ਗੁਰੂ ਨਾਨਕ ਦੀ ਵਿਸ਼ਾਲ ਦ੍ਰਿਸ਼ਟੀ ਅਤੇ ਉਦਾਰਤਾ ਨੇ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕੀਤੀ। ਇਤਿਹਾਸ ਦੱਸਦਾ ਹੈ ਕਿ ਬੰਧਨ ਭਾਵੇਂ ਭਾਸ਼ਾ ਦੇ ਹੋਣ ਜਾਂ ਪਹਿਰਾਵੇ ਦੇ, ਧਰਮ ਤੇ ਮਜ਼੍ਹਬਾਂ ਦੇ, ਰਸਮੋ-ਰਿਵਾਜਾਂ ਦੇ, ਗੁਰੂ ਨਾਨਕ ਦੇਵ ਜੀ ਨੇ ਤੋੜ ਦਿੱਤੇ। ਸੀਮਾ ਭਾਵੇਂ ਧਰਤੀ ‘ਤੇ ਉਕਰੀ ਹੋਈ ਹੋਵੇ ਜਾਂ ਮਨੁੱਖ-ਮਨੁੱਖ ਵਿਚਕਾਰ, ਗੁਰੂ ਨਾਨਕ ਦੇਵ ਜੀ ਨੇ ਉਲੰਘ ਦਿੱਤੀ। ਬੰਧਨ ਤੇ ਸੀਮਾਵਾਂ ਦੀ ਅਵਹੇਲਨਾ, ਭਾਸ਼ਾ, ਪਹਿਰਾਵੇ ਤੇ ਰਸਮੋ-ਰਿਵਾਜ ਨੂੰ ਖੁੱਲ੍ਹਦਿਲੀ ਨਾਲ ਅਪਨਾਉਣਾ-ਇਸ ਪਿੱਛੇ ਇਕ ਖਾਸ ਸੋਚ ਸੀ ਅਤੇ ਉਹ ਸੋਚ ਸੀ ਮਨੁੱਖ-ਮਾਤਰ ਵਿਚਕਾਰ ਇਕ ਸਾਂਝ ਸਥਾਪਿਤ ਕਰਨ ਦੀ, ਵਿੱਥਾਂ ਮੁਕਾਉਣ ਦੀ।
ਆਖਿਰ ਵਿਚ, ਦੇਸ਼ ਦੇ ਇਕ ਮਕਬੂਲ ਸ਼ਾਇਰ ‘ਨਜ਼ੀਰ ਅਕਬਰਬਾਦੀ’ ਦੀ ਗੁਰੂ ਨਾਨਕ ਪਾਤਸ਼ਾਹ ਉਪਰ ਲਿਖੀ ਇਕ ਖੂਬਸੂਰਤ ਨਜ਼ਮ ਦੀਆਂ ਕੁਝ ਸਤਰਾਂ ਦਰਜ ਕਰਕੇ ਲੇਖ ਦੀ ਸਮਾਪਤੀ ਕਰਨਾ ਚਾਹੁੰਦਾ ਹਾਂ। ਇਨ੍ਹਾਂ ਸਤਰਾਂ ਵਿਚ ਸ਼ਾਇਰ ਨੇ ਗੁਰੂ ਨਾਨਕ ਸਾਹਿਬ ਦੀ ਅਦੁੱਤੀ ਸ਼ਖ਼ਸੀਅਤ ਨੂੰ ਨਿਵੇਕਲੇ ਅੰਦਾਜ਼ ਵਿਚ ਬਿਆਨ ਕੀਤਾ ਹੈ :
ਹੈਂ ਕਹਿਤੇ ਨਾਨਕ ਸ਼ਾਹ ਜਿਨਹੇ, ਵਹ ਪੂਰੇ ਹੈਂ ਆਗਾਹ ਗੁਰੂ।
ਵਹ ਕਾਮਿਲ, ਰਹਬਰ, ਜਗ ਮੇਂ ਹੈਂ, ਯੂੰ ਰੋਸ਼ਨ ਜੈਸੇ ਮਾਹ, ਗੁਰੂ।
ਮਕਸੂਦ ਮੁਰਾਦ, ਉਮੀਦ ਸਭੀ, ਬਰ ਲਾਤੇ ਹੈਂ ਦਿਲਖਵਾਹ ਗੁਰੂ।
ਨਿਤ ਲੁਤਫੋ ਕਰਮ ਸੇ ਕਰਤੇ ਹੈਂ, ਹਮ ਲੋਗੋਂ ਕਾ ਨਿਰਬਾਹ ਗੁਰੂ।
ਇਸ ਬਖਸ਼ਿਸ਼ ਇਸ ਅਜਮਤ ਕੇ ਹੈ, ਬਾਬਾ ਨਾਨਕ ਸ਼ਾਹ ਗੁਰੂ।
ਸਭ ਸੀਸ ਨਵਾ ਅਰਦਾਸ ਕਰੋ, ਔਰ ਹਰ ਦਮ ਬੋਲੋ ਵਾਹ ਗੁਰੂ।

-ਡਾ. ਜਸਪਾਲ ਸਿੰਘ, ਉਪ-ਕੁਲਪਤੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ

 

Share :

Share

rbanner1

Share