‘ਮਦਰ ਇੰਡੀਆ’ ਦੇ ਦੀਵਾਨੇ ਹਨ ਇਥੋਪੀਅਨ

mother-india-10301ਅਦੀਸ ਅਬਾਬਾ: ਇਥੋਪੀਅਨ ਲੋਕਾਂ ਲਈ ਬਾਲੀਵੁਡ ਦਾ ਦੂਜਾ ਨਾਂ ‘ਮਦਰ ਇੰਡੀਆ’ ਹੈ। ਨਰਗਿਸ-ਸੁਨੀਲ ਦੱਤ ਦੀ ਅਦਾਕਾਰੀ ਵਾਲੀ ਇਹ ਫਿਲਮ ਇਸ ਮੁਲਕ ਵਿੱਚ ਇੰਨੀ ਮਕਬੂਲ ਹੈ ਕਿ ਕਰੀਬ ਛੇ ਦਹਾਕਿਆਂ ਮਗਰੋਂ ਵੀ ਲੋਕ ਇਸ ਫਿਲਮ ਦੇ ਦੀਵਾਨੇ ਹਨ।
‘ਵੀਰ ਜ਼ਾਰਾ’, ‘ਕੁਛ ਕੁਛ ਹੋਤਾ ਹੈ’ ਤੇ ‘ਕਰਨ ਅਰਜੁਨ’ ਜਿਹੀਆਂ ਕੁਝ ਬਲਾਕਬਸਟਰ ਬਾਲੀਵੁਡ ਫਿਲਮਾਂ ਨੇ ਜਿੱਥੇ ਸਥਾਨਕ ਭਾਸ਼ਾਵਾਂ ਵਿੱਚ ਡੱਬ ਕੀਤੇ ਜਾਣ ਦੇ ਦਮ ’ਤੇ ਇਸ ਮੁਲਕ ਵਿੱਚ ਪ੍ਰਸਿੱਧੀ ਖੱਟੀ ਹੈ, ਉਥੇ ‘ਮਦਰ ਇੰਡੀਆ’ ਹਿੰਦੀ ਭਾਸ਼ਾ ਵਿੱਚ ਹੋਣ ਦੇ ਬਾਵਜੂਦ ਲੋਕਾਂ ਦੇ ਦਿਲਾਂ ’ਤੇ ਰਾਜ਼ ਕਰਦੀ ਹੈ। ਹਿੰਦੀ ਦਾ ਇੱਕ ਵੀ ਬੋਲ ਸਮਝ ਨਾ ਆਉਣ ਦੇ ਬਾਵਜੂਦ ਫਿਲਮ ਦੀ ਕਹਾਣੀ ਵਿਦੇਸ਼ੀਆਂ ਨੂੰ ਭਾਵੁਕ ਕਰ ਦਿੰਦੀ ਹੈ।
ਇਥੋਪੀਅਨ ਟੂਰਿਜ਼ਮ ਆਰਗੇਨਾਈਜੇਸ਼ਨ ਦੇ ਸੀਈਓ ਸੋੋਲੋਮਨ ਤਾਦੀਸ ਦਾ ਕਹਿਣਾ ਸੀ ਕਿ ਫਿਲਮ ‘ਮਦਰ ਇੰਡੀਆ’ ਉਨ੍ਹਾਂ ਨੇ 40 ਵਰ੍ਹੇ ਪਹਿਲਾਂ ਦੇਖੀ ਸੀ। ਹੁਣ ਇੱਥੋਂ ਦੇ ਬਹੁਤ ਸਾਰੇ ਲੋਕ ਹਿੰਦੀ ਫਿਲਮਾਂ ਦੇਖਦੇ ਹਨ ਤੇ ਬਾਲੀਵੁਡ ਫਿਲਮਾਂ ਬਾਰੇ ਜਾਣਦੇ ਹਨ। ਭਾਵੇਂ ਉਹ ਕੁਝ ਵੀ ਨਾ ਸਮਝ ਸਕਣ,ਪਰ ਫਿਰ ਵੀ ਇਹ ਫ਼ਿਲਮਾਂ ਦੇਖਦੇ ਹਨ। ਕੇਬਲ ਟੀਵੀ ਨੇ ਇਨ੍ਹਾਂ ਲੋਕਾਂ ਨੂੰ ਬਾਲੀਵੁਡ ਫਿਲਮਾਂ ਦੇ ਸ਼ੌਕੀਨ ਬਣਾ ਦਿੱਤਾ ਹੈ।
ਇਸੇ ਦੌਰਾਨ ਇੱਕ ਦੁਕਾਨ ਮਾਲਕ ਡੋਰਸ ਨੇ ਕਿਹਾ ਕਿ ਮਦਰ ਇੰਡੀਆ ਦੇਖਣ ਪਿੱਛੋਂ ਉਹ ਕਰੀਬ ਅੱਧਾ ਘੰਟਾ ਰੋਇਆ। ਇਸ ਫਿਲਮ ਤੋਂ ਇਲਾਵਾ ‘ਕਰਨ ਅਰਜੁਨ’, ‘ਕੁਛ ਕੁਛ ਹੋਤਾ ਹੈ’ ਤੇ ‘ਵੀਰ ਜ਼ਾਰਾ’ ਆਦਿ ਨੂੰ ਵੀ ਇਸ ਮੁਲਕ ਵਿੱਚ ਬਹੁਤ ਪਿਆਰ ਮਿਲਿਆ ਹੈ। ਕੇਬਲ ਟੀਵੀ ਦੀ ਸਹੂਲਤ, ਇਥੋਪੀਅਨ ਕੰਪਨੀ ਵੱਲੋਂ ਫਿਲਮਾਂ ਨੂੰ ਸਥਾਨਕ ਭਾਸ਼ਾਵਾਂ ਵਿੱਚ ਡੱਬ ਕਰਨ ਅਤੇ ਦੋਹਾਂ ਮੁਲਕਾਂ ਦੇ ਸੱਭਿਆਚਾਰ ਤੇ ਵਿਚਾਰਧਾਰਾ ਵਿੱਚ ਕਾਫ਼ੀ ਸਮਾਨਤਾ ਹੋਣ ਕਾਰਨ ਇਸ ਮੁਲਕ ਦੇ ਲੋਕ ਬਾਲੀਵੁਡ ਫਿਲਮਾਂ ਕਾਫ਼ੀ ਪਸੰਦ ਕਰਦੇ ਹਨ।

Share :

Share

rbanner1

Share