ਸੰਚਾਰ ਸਾਧਨ ਤੇ ਉਲਝ ਰਿਹਾ ਪਰਿਵਾਰਕ ਜੀਵਨ

ਸੰਚਾਰ ਸਾਧਨ ਤੇ ਉਲਝ ਰਿਹਾ ਪਰਿਵਾਰਕ ਜੀਵਨ

 

woman daydreaming over breakfast while husband is reading news oਪੂਨਮ ਏ. ਬੰਬਾ ਨੇ ਆਪਣੀ ਨਵੀਂ ਪ੍ਰਕਾਸ਼ਿਤ ਪੁਸਤਕ ‘ਟੈਂਪਲ ਆਫ ਜਸਟਿਸ: ਏ ਸਕੂਲ ਆਫ ਲਾਈਫ’ ਵਿੱਚ ਆਪਣੇ ਅਦਾਲਤੀ ਤਜਰਬਿਆਂ ਦੇ ਆਧਾਰ ’ਤੇ ਪਰਿਵਾਰਕ ਤੇ ਖ਼ਾਸਕਰ ਵਿਆਹੁਤਾ ਜੀਵਨ ਵਿੱਚ ਅਜੋਕੇ ਦੌਰ ਵਿੱਚ ਉਪਜ ਰਹੀਆਂ ਉਲਝਣਾਂ ਲਈ ਸੰਚਾਰ ਸਾਧਨਾਂ ਤੇ ਤਕਨਾਲੋਜੀ ਦੁਆਰਾ ਉਪਜਾਏ ਜਾ ਰਹੇ ਕਲਪਿਤ ਜਿਣਸੀ ਸਬੰਧਾਂ ਤੇ ਹੋਰ ਆਭਾਸੀ ਸੰਸਾਰਾਂ ਨੂੰ ਮੁੱਖ ਤੌਰ ’ਤੇ ਜ਼ਿੰਮੇਵਾਰ ਆਖਿਆ ਹੈ। ਇਸ ਬਾਰੇ ਅਖ਼ਬਾਰਾਂ ਵਿੱਚ ਛਪੀਆਂ ਰਿਪੋਰਟਾਂ ਸੰਕੇਤ ਮਾਤਰ ਹਨ ਕਿ ਅਤਿ-ਮਕਾਨਕੀ ਸੰਚਾਰ ਸਾਧਨਾਂ ਖ਼ਾਸਕਰ ਸਮਾਰਟ ਫੋਨਾਂ ਤੇ ਇੰਟਰਨੈੱਟ ਕਾਰਨ ਵਿਆਹਕ ਸਬੰਧਾਂ ਵਿੱਚ ਟੁੱਟ-ਭੱਜ ਅਤੇ ਗ੍ਰਹਿਸਥੀ ਜੀਵਨ ਦੇ ਪਰੰਪਰਾਗਤ ਪਵਿੱਤਰ ਮੰਨੇ ਜਾਂਦੇ ਰਿਸ਼ਤਿਆਂ ਵਿੱਚ ਬੇਵਫ਼ਾਈ ਅਤੇ ਬੇਵਿਸਾਹੀ ਪੈਦਾ ਹੋ ਰਹੀ ਹੈ। ਜਸਟਿਸ ਬੰਬਾ ਮੁਤਾਬਿਕ ਵਿਆਹੁਤਾ ਜੀਵਨ ਦੌਰਾਨ ਸੰਚਾਰ ਸਾਧਨਾਂ ਰਾਹੀਂ ਹੋਰ ਮਨੁੱਖਾਂ ਜਾਂ ਇਸਤਰੀਆਂ ਨਾਲ ਪੈਦਾ ਹੋਏ ਕਲਪਿਤ ਜਾਂ ਅਸਲ ਰਿਸ਼ਤਿਆਂ ਕਾਰਨ ਬਹੁਤ ਜਲਦੀ ਤਲਾਕ ਹੋ ਰਹੇ ਹਨ ਅਤੇ ਕਈ ਕੇਸਾਂ ਵਿੱਚ ਵਿਆਹ ਬੰਧਨ ਦੀ ਉਮਰ ਸਿਰਫ਼ ਕੁਝ ਮਹੀਨਿਆਂ ਦੀ ਹੀ ਰਹਿ ਗਈ ਹੈ। ਪੁਰਾਣੇ ਸਮਿਆਂ ਵਿੱਚ ਵਿਆਹੁਤਾ ਜੀਵਨ ਵਿੱਚ ਵਧੇਰੇ ਕਰਕੇ ਸਮਾਜਿਕ ਕਾਰਨਾਂ ਕਰਕੇ ਪਈਆਂ ਤਰੇੜਾਂ ਨੂੰ ਸਮੇਟਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸਨ ਤੇ ਤਲਾਕ ਆਖ਼ਰੀ ਕੜੀ ਹੁੰਦਾ ਸੀ, ਪਰ ਹੁਣ ਅਜਿਹੇ ਹਾਲਾਤ ਵਿੱਚ ਤਲਾਕ ਹੀ ਪਹਿਲੀ ਕੜੀ ਬਣਦਾ ਜਾ ਰਿਹਾ ਹੈ। ਇਰਾ ਤ੍ਰਿਵੇਦੀ ਆਪਣੀ ਪੁਸਤਕ ‘ਇੰਡੀਆ ਇਨ ਲਵ: ਮੈਰਿਜ ਐਂਡ ਸੈਕਸੁਐਲਿਟੀ ਇਨ ਟਵੰਟੀ ਫਸਟ ਸੈਂਚੂਰੀ’ ਵਿੱਚ ਵੀ ਕੁਝ ਅਜਿਹੇ ਹੀ ਸਿੱਟਿਆਂ ’ਤੇ ਪੁੱਜੀ ਹੈ। ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਜ਼, ਬੰਗਲੌਰ ਦੇ ਡਾ. ਮਨੋਜ ਸ਼ਰਮਾ ਦੁਆਰਾ ਕੀਤਾ ਸਰਵੇਖਣ ਵੀ ਅਜੋਕੇ ਸੰਚਾਰ ਸਾਧਨਾਂ ਦੇ ਮਾਰੂ ਅਸਰਾਂ ਵੱਲ ਇਸ਼ਾਰਾ ਕਰਦਾ ਹੈ।
ਮਨੁੱਖੀ ਸੱਭਿਆਤਾਵਾਂ ਦੇ ਵਿਕਾਸ ’ਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਤਕਨਾਲੋਜੀ ਦੀ ਆਮਦ ਨੇ ਕਬਾਇਲੀ ਬਣਤਰਾਂ, ਮਨੁੱਖੀ ਸਮੂਹਾਂ, ਸਮੁਦਾਇਆਂ ਅਤੇ ਸੰਗਠਿਤ ਸਮਾਜਾਂ ਨੂੰ ਬਦਲਣ ਵਿੱਚ ਇੱਕ ਧਰੁਵੀ ਰੋਲ ਅਦਾ ਕੀਤਾ ਹੈ। ਅਤਿ ਪੁਰਾਣੇ ਸਰਲ ਸਮਾਜਾਂ ਤੋਂ ਲੈ ਕੇ ਅਜੋਕੇ ਉੱਚ ਮਕਾਨਕੀ ਸਮਾਜਾਂ ਤਕ ਵੱਖ ਵੱਖ ਸਮੇਂ ’ਤੇ ਤਕਨੀਕੀ ਕਾਢਾਂ ਨੇ ਯੁੱਗ ਪਲਟਾਊ ਰੋਲ ਅਦਾ ਕੀਤਾ ਹੈ। ਜ਼ਰੂਰਤਾਂ ਦੀ ਪੂਰਤੀ, ਕੁਦਰਤ ’ਤੇ ਵੱਧ ਕੰਟਰੋਲ ਕਰਨਾ, ਕੁਦਰਤੀ ਰਹੱਸਾਂ ਨੂੰ ਤਕਨੀਕਾਂ ਰਾਹੀਂ ਜਾਣਨ ਦੀ ਜਗਿਆਸਾ ਦੀ ਪੂਰਤੀ ਲਈ ਮਨੁੱਖਾਂ ਨੇ ਢੇਰਾਂ ਉਪਰਾਲੇ ਕੀਤੇ। ਤਕਨੀਕੀ ਕਾਢਾਂ ਨੇ ਸਮਾਜਾਂ ਵਿੱਚ ਪ੍ਰਚੱਲਿਤ ਸਬੰਧਾਂ ਨੂੰ ਪ੍ਰਭਾਵਿਤ ਕਰਕੇ ਤਬਦੀਲ ਕਰਨ ਵਿੱਚ ਵਿਸ਼ੇਸ਼ ਰੋਲ ਨਿਭਾਇਆ ਹੈ। ਵੀਹਵੀਂ ਸਦੀ ਦੀ ਪਿਛਲੀ ਚੌਥਾਈ ਤਕ ਤਕਨਾਲੋਜੀ ਨੇ ਮਨੁੱਖੀ ਜੀਵਨ ਵਿੱਚ ਸੀਮਿਤ ਦਖ਼ਲ ਦਿੱਤਾ, ਪਰ ਪਿਛਲੇ 30-40 ਸਾਲਾਂ ਜਿੰਨੀ ਤਬਦੀਲੀ ਸ਼ਾਇਦ ਪਹਿਲਾਂ ਕਈ ਸਦੀਆਂ ਵਿੱਚ ਵੀ ਨਹੀਂ ਆਈ ਸੀ।
ਟੈਲੀਵਿਜ਼ਨ, ਸਿਨਮਾ, ਰੇਡੀਓ, ਇੰਟਰਨੈੱਟ, ਮੋਬਾਈਲ, ਅਖ਼ਬਾਰਾਂ ਤੇ ਰਸਾਲੇ ਪ੍ਰਮੁੱਖ ਸੰਚਾਰ ਸਾਧਨ ਹਨ ਜਿਨ੍ਹਾਂ ਨੇ ਅਜੋਕੇ ਸਮੇਂ ਵਿੱਚ ਸ਼ਹਿਰੀ ਲੋਕਾਂ ਨੂੰ ਹੀ ਨਹੀਂ ਸਗੋਂ ਪੇਂਡੂ ਤੇ ਦੂਰ-ਦਰਾਡੇ ਵਸੀ ਆਬਾਦੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਸਾਕਾਰਾਤਮਿਕ ਪੱਖ ਦੇਖੀਏ ਤਾਂ ਇਸ ਨੇ ਬਦਲਵੇਂ ਮਨੋਰੰਜਨ ਸਾਧਨ, ਸੂਚਨਾਵਾਂ ਤੇ ਜਾਣਕਾਰੀ ਦੀ ਤੁਰੰਤ ਉਪਲੱਬਧੀ, ਆਨਲਾਈਨ ਵਿੱਦਿਆ, ਹਵਾਈ, ਰੇਲਵੇ ਅਤੇ ਸਿਨਮਾ ਆਦਿ ਦੀਆਂ ਟਿਕਟਾਂ ਦੀ ਬੁਕਿੰਗ ਉਪਲੱਬਧ ਕਰਾ ਕੇ ਲੋਕਾਂ ਨੂੰ ਕਾਫ਼ੀ ਸੌਖ ਪਹੁੰਚਾਈ ਹੈ। ਇਨ੍ਹਾਂ ਦੇ ਨਾਕਾਰਾਤਮਕ ਅਸਰਾਂ ਵਿੱਚ ਖਪਤਵਾਦੀ ਸੱਭਿਆਚਾਰ ਨੂੰ ਉਪਜਾਉਣਾ, ਵਿਭਚਾਰੀ ਵਰਤਾਰੇ, ਵਿਹਲੜਪੁਣੇ, ਨਸ਼ਾਖੋਰੀ ਆਦਿ ਨੂੰ ਵਧਾਇਆ ਹੈ। ਪੂੰਜੀਵਾਦ ਦੇ ਪਸਾਰ ਅਤੇ ਨਵੀਆਂ ਆਰਥਿਕ ਨੀਤੀਆਂ ਕਰਕੇ ਅੱਜ ਸੰਸਾਰ ਇੱਕ ਪਿੰਡ ਵਿੱਚ ਤਬਦੀਲ ਹੋ ਰਿਹਾ ਹੈ। ਵੱਖ ਵੱਖ ਮੁਲਕਾਂ ਦੀਆਂ ਸਭਿਅਤਾਵਾਂ ਇੱਕ-ਦੂਜੇ ਉੱਪਰ ਵਧੇਰੇ ਅਸਰ ਪਾ ਰਹੀਆਂ ਹਨ। ਸੰਚਾਰ ਤਕਨਾਲੋਜੀ ਵਧੇਰੇ ਕਰਕੇ ਨਿੱਜਵਾਦੀ ਵਰਤਾਰੇ ਤੇ ਪਦਾਰਥਵਾਦੀ ‘ਸੁਖਵਾਦ’ ਵੱਲ ਉਕਸਾਉਂਦੀ ਹੈ। ਮੋਬਾਈਲ ਜਾਂ ਸਮਾਰਟਫੋਨ ਅਜੋਕੀ ਪੀੜ੍ਹੀ ਦੀ ਜੀਵਨ ਜਾਚ ਦਾ ਹਿੱਸਾ ਬਣ ਗਏ ਹਨ। ਸਰਵੇਖਣਾਂ ਮੁਤਾਬਿਕ ਸ਼ਹਿਰੀ ਨੌਜੁਆਨ ਪੀੜ੍ਹੀ ਹਰ ਰੋਜ਼ ਸੱਤ ਤੋਂ ਗਿਆਰਾਂ ਘੰਟੇ ਮੋਬਾਈਲ ਫੋਨ ਦਾ ਇਸਤੇਮਾਲ ਕਰਦੀ ਹੈ ਅਤੇ ਸੰਵਾਦ ਵੀ ਦੂਰ ਬੈਠੇ ਲੋਕਾਂ ਜਾਂ ਕਲਪਿਤ ਸਮਾਜ ਨਾਲ ਕਰਦੀ ਹੈ ਭਾਵੇਂ ਘਰ ਵਿੱਚ ਆਪਣੇ ਜੀਆਂ ਨਾਲ ਚੁੱਪ ਵੱਟੀ ਹੋਵੇ।
ਪਰਿਵਾਰ ਦੁਨੀਆਂ ਦੇ ਹਰ ਸਮਾਜ ਵਿੱਚ ਜੀਵਨ ਦਾ ਧੁਰਾ ਮੰਨਿਆ ਗਿਆ ਹੈ, ਪਰ ਭਾਰਤੀ ਸਮਾਜ ਵਿੱਚ ਇਸ ਨੂੰ ਹੋਰ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ। ਆਰਥਿਕ, ਸਮਾਜਿਕ, ਮਨੋਵਿਗਿਆਨਕ ਤੇ ਸਰੀਰਿਕ ਲੋੜਾਂ ਦੀ ਪੂਰਤੀ ਪਰਿਵਾਰ ਵਿੱਚ ਹੀ ਹੁੰਦੀ ਹੈ ਅਤੇ ਵੀਹਵੀਂ ਸਦੀ ਦੇ ਅੱਧ ਤਕ ਵਧੇਰੇ ਭਾਰਤੀ ਵੱਸੋਂ ਸੰਯੁਕਤ ਪਰਿਵਾਰਾਂ ਵਿੱਚ ਹੀ ਜੀਵਨ ਬਸਰ ਕਰਦੀ ਰਹੀ ਹੈ। ਜੀਵਨ ਸਾਦਾ ਤੇ ਖੇਤੀ ਆਧਾਰਿਤ ਹੋਣ ਕਰਕੇ ਮਾਨਸਿਕ ਉਲਝਣਾਂ ਦੀ ਅਣਹੋਂਦ ਸੀ। ਵਿਆਹ, ਪਰਿਵਾਰ ਦਾ  ਅਨਿੱਖੜਵਾਂ ਅੰਗ ਰਿਹਾ ਹੈ। ਭਾਰਤੀ ਧਾਰਮਿਕ ਗ੍ਰੰਥ, ਇਤਿਹਾਸਕ ਤੇ ਮਿਥਿਹਾਸਕ ਲਿਖਤਾਂ ਮੁਤਾਬਿਕ ਵਿਆਹ ਇੱਕ ਪਵਿੱਤਰ ਰਸਮ ਹੈ ਜੋ ਸਿਰਫ਼ ਸਰੀਰਕ ਲੋੜਾਂ ਦੀ ਪੂਰਤੀ ਲਈ ਹੀ ਜ਼ਰੂਰੀ ਨਹੀਂ ਸਗੋਂ ਮਨੁੱਖੀ ਨਸਲਾਂ ਨੂੰ ਜੀਵਿਤ ਰੱਖਣ ਲਈ ਅਤੇ ਕੁਦਰਤੀ ਨਿਯਮਾਂ ਤਹਿਤ ਲਾਜ਼ਮੀ ਹੈ। ਇਸੇ ਕਰਕੇ ਵਿਆਹੁਤਾ ਜੀਵਨ ਵਿੱਚ ਬੇਵਫ਼ਾਈ ਅਤੇ ਬੇਵਿਸਾਹੀ ਬਹੁਤ ਘੱਟ ਪਾਈ ਜਾਂਦੀ ਹੈ।
ਹੁਣ ਪਰਿਵਾਰਕ ਤੇ ਵਿਆਹੁਤਾ ਜੀਵਨ ਤੇਜ਼ੀ ਨਾਲ ਬਦਲ ਰਹੇ ਹਨ। ਵੱਖ ਵੱਖ ਕਾਰਨਾਂ ਕਰਕੇ ਸੰਯੁਕਤ ਪਰਿਵਾਰ ਦੇ ਟੁੱਟਣ, ਖੇਤੀ ਤੋਂ ਛੁੱਟ ਨਵੇਂ ਧੰਦਿਆਂ ਤੇ ਆਰਥਿਕ ਬਣਤਰਾਂ ਉਪਜਣ, ਤੇਜ਼ਗਾਮੀ ਸੰਚਾਰ ਪ੍ਰਣਾਲੀਆਂ ਦੀ ਆਮਦ ਆਦਿ ਕਾਰਨ ਅਜੋਕੇ ਭਾਰਤੀ ਸਮਾਜ ਵਿੱਚ ਕਈ ਗ਼ੈਰ ਕੁਦਰਤੀ ਵਰਤਾਰੇ ਵੀ ਮੌਲ ਰਹੇ ਹਨ।
ਜਸਟਿਸ ਬੰਬਾ ਨੇ ਬਦਲ ਰਹੇ ਵਰਤਾਰੇ ਲਈ ਅਜੋਕੀ ਸੰਚਾਰ ਪ੍ਰਣਾਲੀ ਨੂੰ ਵਧੇਰੇ ਜ਼ਿੰਮੇਵਾਰ ਠਹਿਰਾਇਆ ਹੈ। ਪੋਰਨੋਗ੍ਰਾਫਿਕ ਸਾਈਟਾਂ ਦੀ ਭਰਮਾਰ ਤੇ ਤਲਿਸਮੀ  ਸਬੰਧਾਂ ਨੇ ਮਨੁੱਖੀ ਜੀਵਨ ਨੂੰ ਕਾਫ਼ੀ ਹੱਦ ਤਕ ਬਦਲ ਦਿੱਤਾ ਹੈ। ਮੁੰਬਈ, ਦਿੱਲੀ, ਚੇਨੱਈ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਰਜਿਸਟਰਡ ਸਾਈਟਾਂ ਪੈਦਾ ਹੋ ਰਹੀਆਂ ਹਨ ਜੋ ਕਲਪਿਤ ਸਬੰਧਾਂ ਨੂੰ ਵਧਾਉਂਦੀਆਂ ਹਨ। ਇਰਾ ਤ੍ਰਿਵੇਦੀ ਮੁਤਾਬਿਕ ਅਜਿਹਾ ਵਰਤਾਰਾ ਆਰਥਿਕ ਕਾਰਨਾਂ ਕਰਕੇ ਲੰਬਾ ਸਮਾਂ ਘਰ ਤੋਂ ਬਾਹਰ ਰਹਿਣ ਅਤੇ ਸ਼ਿਫਟਾਂ ਵਿੱਚ ਕੰਮ ਕਰਨ ਵਾਲੀ ਥਾਂ ਉੱਪਰ ਦੂਸਰੇ ਲੋਕਾਂ ਵਿੱਚ ਵਿਚਰਨ ਕਰਕੇ ਵਧਦਾ ਹੈ। ਤ੍ਰਿਵੇਦੀ ਨੇ ਇਹ ਵੀ ਮੰਨਿਆ ਹੈ ਕਿ ਪਰਿਵਾਰਾਂ ਦੇ ਟੁੱਟਣ ਅਤੇ ਭਾਵਨਾਤਿਮਕ ਸਹਿਯੋਗ ਦੀ ਅਣਹੋਂਦ ਵੀ ਅਜਿਹੇ ਵਰਤਾਰੇ ਨੂੰ ਵਧਾਉਂਦੀ ਹੈ। ਲੇਖਿਕਾ ਮੁਤਾਬਿਕ ਸੈੱਲਫੋਨਾਂ ਨੇ ਵਿਭਚਾਰੀ ਵਰਤਾਰਾ ਵਧਾਇਆ ਹੈ ਅਤੇ ਇਹੀ ਤਕਨਾਲੋਜੀ ਗ਼ਲਤ ਸਬੰਧਾਂ ਨੂੰ ਫੜਨ ਦਾ ਵੀ ਕਾਰਨ ਬਣਦੀ ਹੈ ਅਤੇ ਵਿਆਹਕ ਜੀਵਨ ਵਿੱਚ ਦੁੱਖ ਅਤੇ ਕਲੇਸ਼ ਦਾ ਕਾਰਨ ਵੀ ਬਣਦੀ ਹੈ। ਪਰਿਵਾਰ ਵਿੱਚ ਯੋਗ ਸਮਾਜੀਕਰਣ ਦੀ ਘਾਟ, ਘਰ ਵਿੱਚ ਇੱਕ ਸਾਥੀ ਵੱਲੋਂ ਲੰਮਾ ਸਮਾਂ ਇਕੱਲਤਾ ਵਿੱਚ ਰਹਿਣਾ, ਡਿਪਰੈਸ਼ਨ, ਹਮਉਮਰ ਸਾਥੀਆਂ ਦਾ ਪ੍ਰਭਾਵ, ਸਿਨਮਾ ਤੇ ਸੀਰੀਅਲਾਂ ਦੁਆਰਾ ਦਿਖਾਏ ਜਾ ਰਹੇ ਗ਼ਲਤ ਸਬੰਧ ਤੇ ਜ਼ਿੰਦਗੀ ਪ੍ਰਤੀ ਅਜੋਕੀ ਪੀੜ੍ਹੀ ਦੇ ਬਦਲ ਰਹੇ ਝੁਕਾਅ ਆਦਿ ਕਰਕੇ ਵਿਆਹੁਤਾ ਜੀਵਨ ਵਿੱਚ ਭਟਕਣ ਤੇ ਮ੍ਰਿਗ ਤ੍ਰਿਸ਼ਨਾ ਵਧ ਰਹੀ ਹੈ।
ਵਿਆਹਕ ਜੀਵਨ ਤੇ ਪਰਿਵਾਰਾਂ ਦੇ ਟੁੱਟਣ ਦੇ ਦੀਰਘਕਾਲੀ ਅਸਰ ਹੁੰਦੇ ਹਨ। ਅਜਿਹੀ ਹਾਲਤ ਵਿੱਚ ਨਿੱਜੀ ਜ਼ਿੰਦਗੀ ਨਰਕ ਬਣਦੀ ਹੈ ਅਤੇ ਬੱਚਿਆਂ ਦਾ ਭਵਿੱਖ ਵੀ ਧੁੰਦਲਾ ਹੋ ਜਾਂਦਾ ਹੈ। ਖੋਜਾਂ ਮੁਤਾਬਿਕ ਟੁੱਟੇ ਪਰਿਵਾਰਾਂ ਦੇ ਬੱਚੇ ਵਧੇਰੇ ਕਰਕੇ ਅਪਰਾਧੀ ਬਿਰਤੀ ਵਾਲੇ ਬਣ ਜਾਂਦੇ ਹਨ ਅਤੇ ਵੱਡੇ ਹੋ ਕੇ ਉਹ ਮਾਂ-ਬਾਪ ਜਾਂ ਸਮਾਜ ਨੂੰ ਮੁਆਫ਼ ਨਹੀਂ ਕਰਦੇ। ਕਈ ਵਾਰ ਤਾਂ ਤਲਾਕ ਸਬੰਧੀ ਅਦਾਲਤਾਂ ਵਿੱਚ ਕੇਸ ਤੇ ਝਗੜੇਬਾਜ਼ੀ ਉਮਰ ਭਰ ਚੱਲਦੀ ਰਹਿੰਦੀ ਹੈ ਜਿਸ ਸਦਕਾ ਆਰਥਿਕ, ਸਮਾਜਿਕ ਤੇ ਮਨੋਵਿਗਿਆਨਕ ਵਿਗਾੜ ਪੈਦਾ ਹੁੰਦੇ ਹਨ। ਸੈਂਕੜੇ ਨੌਜੁਆਨ ਪ੍ਰੇਮੀ ਜੋੜੇ ਖ਼ੁਦਕੁਸ਼ੀਆਂ ਕਰ ਰਹੇ ਹਨ।
ਸੰਸਾਰ ਦੀ ਹਰ ਸ਼ੈਅ ਤਬਦੀਲੀ ਅਧੀਨ ਹੈ। ਸਮਾਜਿਕ ਬਣਤਰਾਂ ਤੇ ਮਨੁੱਖੀ ਵਰਤਾਰਾ ਇਸ ਤੋਂ ਬਾਹਰ ਨਹੀਂ ਹੈ। ਸੰਚਾਰ ਤਕਨਾਲੋਜੀ ਅਜੋਕੇ ਮਨੁੱਖੀ ਸਮਾਜ ਦਾ ਅਟੁੱਟ ਹਿੱਸਾ ਬਣਦੀ ਜਾ ਰਹੀ ਹੈ। ਇਸ ਦੀ ਸੁਯੋਗ ਵਰਤੋਂ ਜੀਵਨ ਨੂੰ ਸੁਖਾਲਾ ਕਰ ਸਕਦੀ ਹੈ ਜਦੋਂਕਿ ਇਸ ਦਾ ਦੁਰਉਪਯੋਗ ਜੀਵਨ ਨੂੰ ਨਰਕ ਬਣਾ ਸਕਦਾ ਹੈ। ਲੋੜ ਹੈ ਕਿ ਤਕਨਾਲੋਜੀ ਦੇ ਮਾਰੂ ਅਸਰਾਂ ਬਾਰੇ ਸਮਾਜ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ ਸਮਾਜ ਸੁਯੋਗ ਢੰਗ ਨਾਲ ਅੱਗੇ ਵਧਦਾ ਰਹੇ।                   -ਡਾ. ਸੁਖਦੇਵ ਸਿੰਘ

Share :

Share

rbanner1

Share