ਹੁਣ ਨਹੀਂ ਵੱਸਦਾ ਪਿੰਡਾਂ ਵਿੱਚ ਰੱਬ

village of punjab

ਸਮਾਜ ਦਾ ਸਭਿਆਚਾਰ ਲਗਾਤਾਰ ਤੇਜ਼ੀ ਨਾਲ ਬਦਲਣ ਵਾਲਾ ਵਰਤਾਰਾ ਹੈ। ਤਕਨੀਕੀ ਵਿਕਾਸ ਵਿੱਚ ਹੋਏ ਇਨਕਲਾਬ ਨਾਲ ਮਨੁੱਖ ਦੀ ਵਰਤੋਂ ਦੀਆਂ ਚੀਜ਼ਾਂ ਤੇਜ਼ੀ ਨਾਲ ਬਦਲੀਆਂ ਹਨ। ਵਸਤਾਂ ਦਾ ਬਦਲਾਅ ਮਨੁੱਖੀ ਵਿਹਾਰ ਨੂੰ ਵੀ ਉਨੀ ਹੀ ਤੇਜ਼ੀ ਨਾਲ ਤਬਦੀਲ ਕਰਦਾ ਹੈ। ਤਬਦੀਲੀ ਦੇ ਇਸ ਵਰਤਾਰੇ ਨੂੰ ਜੇਕਰ ਅਸੀਂ ਪੰਜਾਬੀ ਸਮਾਜ ਦੇ ਸੰਦਰਭ ਵਿੱਚ ਵੇਖੀਏ ਤਾਂ ਇੱਥੇ ਹਰੇ, ਚਿੱਟੇ ਇਨਕਲਾਬ ਅਤੇ ਇਸ ਤੋਂ ਬਾਅਦ ਦੇ ਦੌਰ ਨੂੰ ਵੱਡੀਆਂ ਤਬਦੀਲੀਆਂ ਦਾ ਦੌਰ ਕਿਹਾ ਜਾ ਸਕਦਾ ਹੈ ਜਿਸ ਨਾਲ ਪੰਜਾਬੀ ਲੋਕਾਂ ਦਾ ਰਹਿਣ ਸਹਿਣ, ਸੁਭਾਅ, ਖਾਣ ਪੀਣ ਅਤੇ ਰਸਮਾਂ ਤੇਜ਼ੀ ਨਾਲ ਤਬਦੀਲ ਹੋਈਆਂ। ਖੇਤੀ ਦੇ ਸੰਦ ਅਤੇ ਇਸ ਨਾਲ ਜੁੜੇ ਕੰਮਕਾਜ, ਆਵਾਜਾਈ ਦੇ ਸਾਧਨ, ਵਿਆਹ ਸ਼ਾਦੀ ਦੀਆਂ ਰਸਮਾਂ, ਇੱਕ ਕਿਸਾਨ ਅਤੇ ਘਰ ਵਿੱਚ ਕੰਮ ਕਰਦੀ ਸੁਆਣੀ ਦੇ ਰੁਝੇਵੇਂ ਆਦਿ ਸਭ ਭਾਰਤ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਤੇਜ਼ੀ ਨਾਲ ਤਬਦੀਲ ਹੋਏ।
ਪੰਜਾਬੀ ਸਮਾਜ ਦੀ ਇਹ ਵਿਸ਼ੇਸ਼ਤਾ ਹੈ ਕਿ ਪੰਜਾਬ ਦੇ ਲੋਕ ਮਿਹਨਤੀ ਲੋਕਾਂ ਵਜੋਂ ਜਾਣੇ ਜਾਂਦੇ ਸਨ ਜੋ ਦੂਜਿਆਂ ਪ੍ਰਤੀ ਸਨੇਹ ਅਤੇ ਸਬਰ ਸੰਤੋਖ ਵਾਲੇ ਜੀਵਨ ਨੂੰ ਤਰਜੀਹ ਦਿੰਦੇ ਰਹੇ ਹਨ, ਪਰ ਅੱਜ ਮੰਡੀ ਦੀਆਂ ਮੁਨਾਫ਼ਾ ਬਟੋਰੂ ਨੀਤੀਆਂ ਨੂੰ ਇਸ ਕਦਰ ਭਾਰੂ ਬਣਾ ਦਿੱਤਾ ਹੈ ਕਿ ਸਮਾਜ ਦੀ ਬਹੁਗਿਣਤੀ ਦਾ ਵਿਵਹਾਰ ਬਾਜ਼ਾਰਮੁਖੀ ਹੋ ਕੇ ਰਹਿ ਗਿਆ ਹੈ। ਸਰਕਾਰਾਂ ਦੀ ਖੇਤੀ ਪ੍ਰਤੀ ਬੇਰੁਖੀ ਨੇ ਕਿਸਾਨਾਂ ਦੀ ਔਲਾਦ ਨੂੰ ਖੇਤੀ ਤੋਂ ਦੂਰ ਕਰ ਦਿੱਤਾ। ਸਹਾਇਕ ਧੰਦਿਆਂ ਅਤੇ ਛੋਟੀਆਂ ਸਨਅਤਾਂ ਪ੍ਰਤੀ ਵੀ ਸਰਕਾਰਾਂ ਦਾ ਰਵੱਈਆ ਵਧੀਆ ਨਹੀਂ ਰਿਹਾ। ਸਰਕਾਰੀ ਨੌਕਰੀਆਂ ਲਈ ਦਰਵਾਜ਼ੇ ਉਂਜ ਹੀ ਲਗਭਗ ਬੰਦ ਕਰ ਦਿੱਤੇ ਹਨ। ਪੰਜਾਬ ਦੇ ਪੜ੍ਹੇ ਲਿਖੇ ਨੌਜੁਆਨਾਂ ਨੂੰ ਇੱਥੇ ਆਪਣਾ ਭਵਿੱਖ ਧੁੰਦਲਾ ਨਜ਼ਰ ਆਉਣ ਕਾਰਨ ਉਹ ਪੜ੍ਹਾਈ ਲਈ ਬਾਹਰਲੇ ਮੁਲਕਾਂ ਵਿੱਚ ਜਾਣ ਅਤੇ ਉੱਥੇ ਵਸਣ ਦੀ ਕੋਸ਼ਿਸ਼ ਕਰਨ ਵਿੱਚ ਆਪਣੀ ਭਲਾਈ ਸਮਝਣ ਲੱਗੇ ਹਨ। ਪੜ੍ਹ ਰਹੇ ਅਤੇ ਪੜ੍ਹੇ ਲਿਖੇ ਵਿਦਿਆਰਥੀ/ਨੌਜੁਆਨਾਂ ਲਈ ਵੱਡਾ ਸੰਕਟ ਖੜ੍ਹਾ ਹੋ ਗਿਆ ਕਿ ਉਹਨਾਂ ਦਾ ਭਵਿੱਖ ਕੀ ਹੋਵੇਗਾ? ਅੱਜ ਜਦੋਂ ਹਰ ਖੇਤਰ ਵਿੱਚ ਇੱਕ ਪਾਸੇ ਬਾਜ਼ਾਰੂ ਤਾਕਤਾਂ ਨੇ ਆਪਣੇ ਜਾਲ ਵਿਛਾਏ ਹਨ। ਮੁਨਾਫਾ ਕਮਾਊ ਨੀਤੀਆਂ ਦੇ ਵਰਤਾਰੇ ਕਾਰਨ ਸਮਾਜ ਵਿੱਚ ਵਿਖਾਵਾ ਕਰਨ ਦੀ ਮਨੋਬਿਰਤੀ ਭਾਰੂ ਹੋਈ ਹੈ। ਗਲਤ ਸਰਕਾਰੀ ਨੀਤੀਆਂ, ਬੱਚਿਆਂ ਦੀ ਮਹਿੰਗੀ ਪੜ੍ਹਾਈ, ਵੱਡੀਆਂ ਗੱਡੀਆਂ, ਉੱਚੀਆਂ ਕੋਠੀਆਂ, ਵਿਆਹਾਂ ਅਤੇ ਮਰਗਾਂ ’ਤੇ ਵਿਖਾਵੇ ਲਈ ਕੀਤੇ ਜਾਂਦੇ ਬੇਤਹਾਸ਼ੇ ਖਰਚਿਆਂ ਨੇ ਵੀ ਬਹੁਗਿਣਤੀ ਲੋਕਾਂ ਨੂੰ ਕਰਜ਼ਾਈ ਕਰਨ ਵਿੱਚ ਵੱਡਾ ਰੋਲ ਅਦਾ ਕੀਤਾ ਹੈ। ਪੰਜਾਬੀ ਸਮਾਜ ਵਿੱਚ ਇਹ ਵੇਖਿਆ ਗਿਆ ਕਿ ਆਰਥਿਕ ਪੱਖੋਂ ਕਮਜ਼ੋਰ ਹੋਣ ਦੇ ਬਾਵਜੂਦ ਵੀ ਲੋਕਾਂ ਵਿੱਚ ਇੱਕ ਦੂਜੇ ਤੋਂ ਵਧ ਕੇ ਵਿਖਾਵੇ ਦੀ ਬਿਰਤੀ ਭਾਰੂ ਹੋ ਰਹੀ ਹੈ।
ਵਾਤਾਵਰਣ ਦੀਆਂ ਤਬਦੀਲੀਆਂ ਅਤੇ ਕਿਰਤ ਦੇ ਖਾਸੇ ਤੋਂ ਟੁੱਟਣ ਕਾਰਨ ਸਰੀਰਕ ਪੱਖੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਮਾਨਸਿਕ ਵਿਕਾਰਾਂ ਦੇ ਸ਼ਿਕਾਰ ਹੋ ਰਹੇ ਹਨ। ਪੰਜਾਬ ਦੀ ਧਰਤੀ ਦੇ ਅੱਜ ਹਾਲਾਤ ਇਹ ਹਨ ਕਿ ਇੱਥੋਂ ਦੇ ਪੌਣ ਪਾਣੀ ਨੂੰ ਬਰਬਾਦ ਕਰਕੇ ਇੱਥੋਂ ਜੋ ਕੁਝ ਖੱਟਿਆ ਸੀ ਉਹ ਵੀ ਹੁਣ ਲੋਕਾਂ ਕੋਲ ਨਹੀਂ ਰਿਹਾ। ਸਗੋਂ ਉਲਟਾ ਕਰਜ਼ਾਈ ਹੋ ਗਏ ਹਨ ਅਤੇ ਪ੍ਰਦੂਸ਼ਿਤ ਆਬੋ ਹਵਾ ਹੁਣ ਬਿਮਾਰੀਆਂ ਦੀ ਵਾਹਕ ਬਣ ਰਹੀ ਹੈ। ਸਾਨੂੰ ਇਹ ਵਿਚਾਰਨ ਦੀ ਲੋੜ ਹੈ ਕਿ ਅੱਜ ਰਹਿਣ ਲਈ ਬੇਸ਼ੱਕ ਸਾਡੇ ਕੋਲ ਬਹੁਤ ਸਾਰੇ ਕਮਰਿਆਂ ਵਾਲਾ ਘਰ ਨਾ ਹੋਵੇ ਪਰ ਜਿਸ ਹਵਾ ਵਿੱਚ ਅਸੀਂ ਸਾਹ ਲੈਣਾ ਹੈ ਜ਼ਰੂਰ ਸਵੱਛ ਹੋਣੀ ਚਾਹੀਦੀ ਹੈ। ਪਲੀਤ ਪਾਣੀ ਅਤੇ ਗੰਦੀ ਹਵਾ ਕਾਰਨ ਇਸ ਖਿੱਤੇ ਵਿੱਚ ਅਨੇਕਾਂ ਬਿਮਾਰੀਆਂ ਪਨਪ ਰਹੀਆਂ ਹਨ।
ਪੰਜਾਬ ਦੀ ਜ਼ਿਆਦਾ ਵਸੋਂ ਪਿੰਡਾਂ ਵਿੱਚ ਵਸਦੀ ਹੈ ਅਤੇ ਕੁਝ ਅਰਸੇ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ‘ਪਿੰਡਾਂ ਵਿੱਚ ਰੱਬ ਵੱਸਦਾ’, ਪਰ ਹੁਣ ਪੰਜਾਬ ਦੇ ਪਿੰਡਾਂ ਵਿੱਚ ਰੱਬ ਨਹੀਂ ਵੱਸਦਾ। ਦਿੱਲੀ ਤੋਂ ਸੰਚਾਲਤ ਹੁੰਦੀ ਰਾਜਨੀਤੀ ਨੇ ਹੁਣ ਪਿੰਡ ਨੂੰ ਬੁਰੀ ਤਰ੍ਹਾਂ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ਹੈ। ਲਗਭਗ ਹਰ ਪਿੰਡ ਰਾਜਨੀਤਿਕ ਧੜੇਬੰਦੀ ਦਾ ਸ਼ਿਕਾਰ ਹੈ। ਲੋਕ ਆਪਸ ਵਿੱਚ ਲੜ ਝਗੜ ਰਹੇ ਹਨ। ਪਿੰਡਾਂ ਦੇ ਗੁਰਦੁਆਰਿਆਂ ਦੇ ਸਪੀਕਰ ਬੇਸ਼ਕ ਹੋਰ ਉੱਚੇ ਹੋ ਗਏ ਹਨ ਪਰ ਗੁਰੂ ਨਾਨਕ ਦੇਵ ਜੀ ਦੇ ਨੀਵਾਂ ਹੋ ਕੇ ਚੱਲਣ ਦੇ ਉਪਦੇਸ਼ ਨੂੰ ਮਨੋ ਵਿਸਾਰ ਦਿੱਤਾ ਹੈ। ਰਾਜਨੀਤਿਕ ਧੜੇਬੰਦੀਆਂ ਨਾਲ ਪਏ ਕਲੇਸ਼ਾਂ ਦੇ ਵੱਡੀ ਗਿਣਤੀ ਵਿੱਚ ਕੇਸ ਅਦਾਲਤਾਂ ਵਿੱਚ ਸਾਲਾਂ ਤੋਂ ਚੱਲ ਰਹੇ ਹਨ। ਕਈ ਕੇਸ ਅਜਿਹੇ ਵੀ ਹਨ ਜਿਹਨਾਂ ਵਿੱਚ ਪਾਰਟੀ ਦੀ ਧੜੇਬੰਦੀ ਦੀ ਹੋਈ ਲੜਾਈ ਤੋਂ ਬਾਅਦ ਲੀਡਰ ਨੇ ਪਾਰਟੀ ਵੀ ਬਦਲ ਲਈ ਪਰ ਲੋਕ ਅਜੇ ਵੀ ਉਹਨਾਂ ਕੇਸਾਂ ਵਿੱਚ ਉਲਝੇ ਹੋਏ ਹਨ।
ਪਿਛਲੇ ਅਰਸੇ ਤੋਂ ਇਹ ਵੀ ਵੇਖਿਆ ਗਿਆ ਕਿ ਪੰਜਾਬ ਵਿੱਚ ਮੇਲਿਆਂ ਦੀ ਭਰਮਾਰ ਹੋ ਗਈ ਹੈ। ਪੰਜਾਬ ਦੇ ਬਹੁਗਿਣਤੀ ਪਿੰਡਾਂ ਵਿੱਚ ਕੁਝ ਥਾਵਾਂ ’ਤੇ ਮੇਲੇ ਲਾ ਕੇ ਲੱਖਾਂ ਰੁਪਏ ਖਰਚ ਕਰਨਾ ਆਮ ਹੋ ਗਿਆ ਹੈ। ਕੁਝ ਪਿੰਡ ਜੋ ਧੜੇਬੰਦੀਆਂ ਦੇ ਜ਼ਿਆਦਾ ਸ਼ਿਕਾਰ ਹਨ ਉੱਥੇ ਇੱਕੋ ਥਾਂ ’ਤੇ ਪਹਿਲਾਂ ਇੱਕ ਧੜੇ ਵੱਲੋਂ ਮੇਲਾ ਕਰਵਾਇਆ ਜਾਂਦਾ ਹੈ ਤੇ ਫਿਰ ਕੁਝ ਦਿਨਾਂ ਬਾਅਦ ਦੂਜਾ ਧੜਾ ਆਣ ਜੁਟਦਾ ਹੈ। ਸਭਿਆਚਾਰ ਦੇ ਨਾਮ ਹੇਠ ਲਾਏ ਜਾਂਦੇ ਇਹਨਾਂ ਮੇਲਿਆਂ ਦੌਰਾਨ ਘਟੀਆ ਗੀਤ ਪੇਸ਼ ਕਰਕੇ ਬੱਚਿਆਂ ਨੂੰ ਵਿਖਾਉਣਾ ਅਤੇ ਅਜਿਹੇ ਪ੍ਰੋਗਰਾਮਾਂ ਲਈ ਬੇਤਹਾਸ਼ਾ ਪੈਸਾ ਖਰਚਣਾ ਸਾਡੇ ਬੌਧਿਕ ਪੱਖੋਂ ਕੰਗਾਲ ਹੋਣ ਦੀ ਗਵਾਹੀ ਹੈ। ਜੇ ਇਸ ਪੈਸੇ ਨੂੰ ਕਿਸੇ ਸਾਰਥਕ ਢੰਗ ਨਾਲ ਵਰਤਿਆ ਜਾਵੇ ਤਾਂ ਹਰ ਪਿੰਡ ਵਿੱਚ ਵੱਡੇ ਪ੍ਰੋਗਰਾਮ ਕਰਨ ਲਈ ਇਮਾਰਤ ਅਤੇ ਪਾਰਕ ਬਣਾਈ ਜਾ ਸਕਦੀ ਹੈ।
ਸਮਾਜਿਕ ਕਦਰਾਂ ਕੀਮਤਾਂ ਅਤੇ ਬੌਧਿਕ ਪੱਖੋਂ ਅਸੀਂ ਲਗਾਤਾਰ ਗਿਰਾਵਟ ਵੱਲ ਜਾ ਰਹੇ ਹਾਂ। ਵਸਤਾਂ ਦੀ ਬਹੁਤਾਤ ਅਤੇ ਮੰਡੀ ਨੇ ਮਨੁੱਖ ਦਾ ਵਸਤਾਂ ਪ੍ਰਤੀ ਵਿਵਹਾਰ ਅਤੇ ਨਜ਼ਰੀਆਂ ਬਦਲ ਦਿੱਤਾ ਹੈ। ਮਨੁੱਖ ਅਤੇ ਸਮਾਜਿਕ ਕਦਰਾਂ-ਕੀਮਤਾਂ ਪਿੱਛੇ ਹੋ ਗਈਆਂ ਹਨ। ਸਮਾਜ ਵਿੱਚ ਬੇਰੁਜ਼ਗਾਰੀ ਵਿਕਰਾਲ ਰੂਪ ਧਾਰ ਗਈ ਹੈ, ਨਸ਼ਿਆਂ ਦੀ ਸਮੱਸਿਆ ਨਾਲ ਘਰ ਬਰਬਾਦ ਹੋ ਰਹੇ ਹਨ, ਬਿਮਾਰੀਆਂ ਦਾ ਪ੍ਰਕੋਪ ਵਧ ਰਿਹਾ ਹੈ, ਧਰਤੀ ਹੇਠਲਾ ਪਾਣੀ ਹਰ ਸਾਲ ਹੋਰ ਡੂੰਘਾ ਹੋ ਰਿਹਾ ਹੈ। ਲੜਾਈਆਂ ਝਗੜੇ, ਲੁੱਟਮਾਰ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਮਾੜੀ ਆਰਥਿਕਤਾ ਅਤੇ ਕਰਜ਼ਿਆਂ ਦੇ ਭੰਨੇ ਲੋਕ ਆਤਮ ਹੱਤਿਆਵਾਂ ਕਰ ਰਹੇ ਹਨ। ਜਿਨ੍ਹਾਂ ਸਮੱਸਿਅਵਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ, ਉਹਨਾਂ ’ਚੋਂ ਬਹੁਤੀਆਂ ਅਜਿਹੀਆਂ ਹਨ ਜੋ ਕੇਵਲ ਸਰਕਾਰਾਂ ਦੇ ਸਾਰਥਕ ਉਪਰਾਲੇ ਕਰਨ ਨਾਲ ਹੱਲ ਹੋਣੀਆਂ ਹਨ, ਪਰ ਆਮ ਲੋਕਾਂ ਨੂੰ ਵੀ ਆਪਣੀਆਂ ਮੁਸ਼ਕਲਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਨਿੱਜੀ ਅਤੇ ਸਮੂਹਿਕ ਤੌਰ ’ਤੇ ਹੋ ਰਹੀ ਪੈਸੇ ਦੀ ਬਰਬਾਦੀ ਅਤੇ ਮਨੁੱਖੀ ਊਰਜਾ ਨੂੰ ਯੋਗ ਕੰਮਾਂ ਲਈ ਖਰਚਣ ਦੀ ਲੋੜ ਹੈ।
ਅਸੀਂ ਜ਼ਿੰਦਗੀ ’ਚ ਕੇਵਲ ਪੈਸੇ ਨੂੰ ਹੀ ਸਮਰਪਿਤ ਨਹੀਂ ਹੋਣਾ ਹੁੰਦਾ, ਸਗੋਂ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਅਜਿਹੇ ਕਾਰਜਾਂ ਲਈ ਕਾਰਜਸ਼ੀਲ ਹੋਣਾ ਹੁੰਦਾ ਹੈ ਜਿਸ ਨਾਲ ਉਸ ਦੀ ਜਨਮ ਭੂਮੀ ’ਤੇ ਜੀਵਨ ਲਈ ਸਾਜਗਾਰ ਹਾਲਾਤ ਬਣੇ ਰਹਿਣ। ਸਭਿਆਚਾਰ, ਸਿੱਖਿਆ, ਰਾਜਨੀਤੀ ਅਤੇ ਧਾਰਮਿਕ ਪੱਖੋਂ ਸਾਡੀ ਅਗਵਾਈ ਕਰਨ ਵਾਲੇ ਅੱਜ ਆਦਰਸ਼ ਨਹੀਂ ਰਹੇ। ਬਦਲ ਰਹੀ ਦੁਨੀਆਂ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਤੋਂ ਚੰਗੀ ਤਰ੍ਹਾਂ ਜਾਣੂ ਹੋਈਏ। – ਗੁਰਚਰਨ ਸਿੰਘ ਨੂਰਪੁਰ 98550-51099

Share :

Share

rbanner1

Share