ਜਿਵੰਤ ਦੀਵਾਰ

wall-paintingਇਹ ਤਸਵੀਰ ਨਾਇਜੇਲ ਜੈਕਸਨ ਨੇ ਖਿੱਚੀ ਹੈ. ਨਾਇਜੇਲ ਦਾ ਕਹਿਣਾ ਹੈ, ਲੰਦਨ ਦੇ ਬਰਿਕ ਲੇਨ ਏਰੀਆ ਵਿੱਚ ਇੱਕ ਦੀਵਾਰ ਉੱਤੇ ਕੀਤੀ ਗਈ ਇਸ ਪੇਂਟਿੰਗ ਨੇ ਦੀਵਾਰ ਨੂੰ ਜਿਵੰਤ ਬਣਾ ਦਿੱਤਾ ਹੈ .

‘ਸਭ ਕੁਝ ਖ਼ਤਰੇ ‘ਚ ਹੈ’ – ਮਨੁੱਖੀ ਹੋਂਦ ਦੀ ਗੱਲ ਕਰਦੀਆਂ ਸਰਲ ਸੰਚਾਰੀ ਕਵਿਤਾਵਾਂ

ਸਭ ਕੁਝ ਖ਼ਤਰੇ 'ਚ ਹੈਮੇਜਰ ਸਿੰਘ ਨਾਗਰਾ ਨੇ ਆਪਣੇ ਕਾਵਿ-ਸੰਗ੍ਰਹਿ ‘ਸਭ ਕੁਝ ਖ਼ਤਰੇ ‘ਚ ਹੈ’ ਦੀ ਪ੍ਰਕਾਸ਼ਨਾ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਪ੍ਰਵੇਸ਼ ਕੀਤਾ ਹੈ।
ਇਸ ਕਾਵਿ-ਸੰਗ੍ਰਹਿ ਵਿੱਚ ਨਾਗਰਾ ਨੇ ਵਧੇਰੇ ਕਵਿਤਾਵਾਂ ਉਹ ਸ਼ਾਮਿਲ ਕੀਤੀਆਂ ਹਨ ਜਿਹੜੀਆਂ ਉਸਨੇ 1987-1992 ਦੌਰਾਨ ਆਪਣੇ ਵਿਦਿਆਰਥੀ ਜੀਵਨ ਸਮੇਂ ਲਿਖੀਆਂ। ਸ਼ਾਇਦ, ਇਸੇ ਕਾਰਨ ਹੀ ਇਨ੍ਹਾਂ ‘ਚੋਂ ਵਧੇਰੇ ਕਵਿਤਾਵਾਂ ਬੜੇ ਸਰਲ ਸੁਭਾਅ ਦੀਆਂ ਹਨ। ਇਸ ਕਾਵਿ-ਸੰਗ੍ਰਹਿ ਦੀ ਕਿਸੇ ਵੀ ਕਵਿਤਾ ਨੂੰ ਸਮਝਣ ਲਈ ਪਾਠਕ ਨੂੰ ਕੋਈ ਉਚੇਚਾ ਯਤਨ ਨਹੀਂ ਕਰਨਾ ਪੈਂਦਾ।
‘ਸਭ ਕੁਝ ਖ਼ਤਰੇ ‘ਚ ਹੈ’ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਭਵਿੱਖ ਵਿੱਚ ਪਰਪੱਕ ਕਵਿਤਾਵਾਂ ਲਿਖਣ ਲਈ ਕੀਤਾ ਗਿਆ ਪਹਿਲਾ ਕਾਵਿਕ ਅਭਿਆਸ ਵੀ ਕਿਹਾ ਜਾ ਸਕਦਾ ਹੈ। ਕਿਉਂਕਿ ਇਨ੍ਹਾਂ ਕਵਿਤਾਵਾਂ ਵਿੱਚ ਨਾਗਰਾ ਨੇ ਮਨੁੱਖੀ ਹੋਂਦ ਨਾਲ ਜੁੜੇ ਵੱਖੋ ਵੱਖ ਪਹਿਲੂਆਂ ਬਾਰੇ ਬੜੇ ਹੀ ਸਿੱਧੇ ਸਪੱਸ਼ਟ ਸ਼ਬਦਾਂ ਵਿੱਚ ਆਪਣੀ ਚਿੰਤਾ ਪ੍ਰਗਟਾਈ ਹੈ।
ਮੇਜਰ ਸਿੰਘ ਨਾਗਰਾ ਦਾ ਕਾਵਿ-ਸੰਗ੍ਰਹਿ ‘ਸਭ ਕੁਝ ਖ਼ਤਰੇ ‘ਚ ਹੈ’ ਪੜ੍ਹਦਿਆਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੈ ਕਿ ਨਾਗਰਾ ਇੱਕ ਮਨੁੱਖਵਾਦੀ ਸ਼ਾਇਰ ਹੈ। ਇੱਕ ਸੁਚੇਤ ਸ਼ਾਇਰ ਹੋਣ ਦੇ ਨਾਤੇ ਉਸਦੀ ਚਿੰਤਾ ਮਨੁੱਖ ਦੀ ਹੋਂਦ ਬਾਰੇ ਹੈ। ਉਹ ਧਰਮਾਂ, ਸਭਿਆਚਾਰਾਂ, ਰੰਗਾਂ, ਨਸਲਾਂ ਜਾਂ ਵੱਖੋ ਵੱਖ ਦੇਸ਼ਾਂ ਦੀਆਂ ਸਰਹੱਦਾਂ ਦੇ ਬੰਧਨਾਂ ਨੂੰ ਸਵੀਕਾਰ ਨਹੀਂ ਕਰਦਾ। ਉਹ ਆਪਣੀ ਸ਼ਾਇਰੀ ਵਿੱਚ ਬਿਨ੍ਹਾਂ ਕਿਸੀ ਸੰਕੋਚ ਦੇ ਸਾਡੇ ਮੱਥਿਆਂ ਉੱਤੇ ਇਹ ਸੁਆਲ ਲਿਖ ਦਿੰਦਾ ਹੈ ਕਿ ਜਦੋਂ ਅਸੀਂ ਸਭ ਇੱਕੋ ਹੀ ਧਰਤੀ ਦੇ ਰਹਿਣ ਵਾਲੇ ਹਾਂ, ਸਾਡੇ ਸਭ ਦੇ ਖ਼ੂਨ ਦਾ ਰੰਗ ਲਾਲ ਹੈ, ਸਾਡੇ ਸਭ ਦੇ ਦੁੱਖ-ਦਰਦ ਇੱਕੋ ਜਿਹੇ ਹਨ ਤਾਂ ਫਿਰ ਅਸੀਂ ਇੱਕ ਦੂਜੇ ਨਾਲ ਕਿਉਂ ਲੜਦੇ ਹਾਂ ਅਤੇ ਈਰਖਾ ਦੀ ਅੱਗ ਵਿੱਚ ਕਿਉਂ ਸੜਦੇ ਹਾਂ ? ਇਸ ਸਬੰਧ ਵਿੱਚ ਉਸ ਦੀ ਨਜ਼ਮ ‘ਅਸੀਂ ਸਭ ਇੱਕ ਹਾਂ’ ਦੀਆਂ ਇਹ ਸਤਰਾਂ ਸਾਡਾ ਵਿਸ਼ੇਸ਼ ਧਿਆਨ ਖਿੱਚਦੀਆਂ ਹਨ: Continue reading “‘ਸਭ ਕੁਝ ਖ਼ਤਰੇ ‘ਚ ਹੈ’ – ਮਨੁੱਖੀ ਹੋਂਦ ਦੀ ਗੱਲ ਕਰਦੀਆਂ ਸਰਲ ਸੰਚਾਰੀ ਕਵਿਤਾਵਾਂ”

ਚਿਹਰੇ ‘ਚ ਚਿਹਰਾ

ਪੰਜਾਬ ਦੇ ਪਿੰਡਾਂ ਵਿਚ ਹਾਲੇ ਵੀ ਕਈ ਪੁਰਾਣੇ ਰੁੱਖ ਖੜੇ ਹਨ। ਕਈ ਬੋਹੜ ਜਾਂ ਪਿੱਪਲ ਤਾਂ ਸੈਂਕੜੇ ਸਾਲਾਂ ਦੇ ਵੀ ਹਨ। ਕਈ ਸੂਝਵਾਨ ਪੇਂਡੂਆਂ ਨੇ ਇਹਨਾਂ ਦੇ ਥੱਲੇ ਥੜੇ ਬਣਾ ਦਿੱਤੇ ਹਨ ਤੇ ਉੱਥੇ ਬੈਠਦੇ ਵੀ ਹਨ। ਇਹ ਰੁੱਖ ਮਨੁੰਖ ਨੂੰ ਛਾਂ ਤਾਂ ਦੇਂਦੇ ਹੀ ਹਨ, ਨਾਲ ਦੀ ਨਾਲ ਦਰਜਣਾਂ ਪੰਛੀਆਂ ਨੂੰ ਆਸਰਾ ਵੀ ਦੇਂਦੇ ਹਨ। ਇਹਨਾਂ ਵਿਚ ਬਣੀਆਂ ਹੋਈਆਂ ਕੁਦਰਤੀ ਖੋੜ੍ਹਾਂ, ਕਈ ਤਰ੍ਹਾਂ ਦੇ ਪੰਛੀਆਂ ਲਈ ਘਰ ਬਣ ਜਾਂਦੀਆਂ ਹਨ। ਇਹ ਖੋੜ੍ਹਾਂ, ਉੱਲੂਆਂ, ਤੇ ਤੋਤੇਆਂ ਦੇ ਮਨਪਸੰਦ ਟਿਕਾਣੇ ਬਣਦੇ ਹਨ। ਪੰਛੀਆਂ ਨੂੰ ਮਨੁੱਖ ਤੋਂ ਵੀ ਵੱਧ ਡਰ, ਸਪਾਂ, ਕਾਵਾਂ ਜਾਂ ਚਿੜੀਮਾਰਾਂ ਤੋਂ ਹੁੰਦਾ ਹੈ। ਇਹ ਪੰਛੀਆਂ ਦੇ ਅੰਡੇ ਤੇ ਬੱਚਿਆਂ ਦੋਨਾਂ ਨੂੰ ਹੀ ਖਾ ਜਾਂਦੇ ਹਨ। ਜੇ ਇਹਨਾਂ ਖੁੱਡਾਂ ਨੂੰ ਧਿਆਨ ਨਾਲ ਦੇਖੋ ਤਾਂ ਪਤਾ ਚੱਲੇਗਾ ਕਿ ਪੰਛੀ ਕਦੇ ਵੀ ਅਵੇਸਲੇ ਨਹੀਂ ਹੁੰਦੇ ਹਨ। ਨਰ ਤੇ ਮਾਦਾ ਵਾਰੋ ਵਾਰੀ ਖੁਰਾਕ ਲਿਆਉਂਦੇ ਹਨ ਤੇ ਨੇੜੇ ਹੀ ਬੈਠ ਕੇ ਪਹਿਰਾ ਦੇਂਦੇ ਹਨ। ਜੇਕਰ ਕਿਸੇ ਰੁੱਖ ਕੋਲ ਪੰਛੀ ਚੀਕ ਚਿਹਾੜਾ ਪਾ ਰਿਹੇ ਹੋਣ ਤਾ ਸਮਝੋ ਕੋਈ ਸੱਪ ਆਦਿ ਤੁਰਿਆ ਫਿਰਦਾ ਹੈ। ਇਸ ਮੌਕੇ ਤੇ ਪੰਛੀਆ ਦੀ ਮਦਦ ਕਰਨਾ, ਮਨੁੱਖ ਦਾ ਫਰਜ਼ ਬਣ ਜਾਂਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਸੱਪ ਆਦਿ ਨੂੰ ਮਾਰ ਦਿੱਤਾ ਜਾਵੇ। ਜਿਊਣ ਦਾ ਹੱਕ ਸਭ ਨੂੰ ਹੈ, ਬੇਲੋੜੀ ਬਰਬਾਦੀ ਕਰਨ ਦਾ ਕਿਸੇ ਨੂੰ ਵੀ ਨਹੀਂ। ਸਭ ਤੋਂ ਖੂਬਸੂਰਤ ਇਹ ਵੀ ਹੈ ਕਿ ਜੀਵਾਂ ਨੂੰ ਪਾਲਦੀਆਂ ਇਹ ਖੋੜਾਂ ਆਪ ਵੀ ਕਿਸੇ ਮੁਸਕਰਾਂਉਂਦੇ ਚਿਹਰੇ ਤੋਂ ਘੱਟ ਨਹੀਂ ਹੁੰਦੀਆਂ, ਬਸ ਦੇਖਣ ਵਾਲੀ ਅੱਖ ਚਾਹੀਦੀ ਹੈ।

–ਜਨਮੇਜਾ ਸਿੰਘ ਜੌਹਲ

ਜ਼ਹਿਰ ਦਾ ਵਪਾਰ

ਸਾਡੇ ਦੇਸ਼ ਵਿਚ ਆਜ਼ਾਦੀ ਦਾ ਅਸਲੀ ਫਾਇਦਾ ਤਾਂ ਉਹ ਲੋਕ ਉਠਾਉਂਦੇ ਹਨ, ਜਿਹਨਾਂ ਨੂੰ ਕਨੂੰਨ ਕਾਬੂ ਕਰਨਾ ਆਉਂਦਾ ਹੈ। ਬਾਕੀ ਤਾਂ ਸਭ ਮੱਛੀਆਂ ਵਾਂਗ ਇਹਨਾਂ ਦਾ ਖਾਜਾ ਹੀ ਬਣਦੇ ਹਨ। ਬਜ਼ਾਰ ਵਿਚ ਖਾਣ ਪੀਣ ਦਾ ਸਮਾਨ ਵੇਚਦੀਆਂ ਰੇਹੜੀਆਂ ਹੀ ਲੈ ਲਵੋ, ਕਿਸੇ ਸਬਜ਼ੀ, ਕਿਸੇ ਫੱਲ ਤੇ ਰੇਟ ਹੀ ਨਹੀਂ ਲਿਖਿਆ ਹੁੰਦਾ। ਕਾਰਣ ਸਪਸ਼ਟ ਹੈ, ਜਿਹੋ ਜਿਹਾ ਗਾਹਕ, ਉਹੋ ਜਿਹਾ ਰੇਟ। ਪੰਜਾਬੀ ਲੁੱਟ ਹੋਣ ਦੇ ਆਦੀ ਹੋ ਚੁੱਕੇ ਹਨ। ਫੱਲਾਂ ਨੂੰ ਰੰਗ ਤੇ ਨਕਲੀ ਮਿੱਠੇ ਦੇ ਟੀਕੇ ਲਾਏ ਜਾਂਦੇ ਹਨ ਤੇ ਸਿਕੇ ਨਾਲ ਸੁਰਾਖ ਬੰਦ ਕੀਤਾ ਜਾਦਾ ਹੈ। ਕੈਮੀਕਲ ਦੀਆਂ ਪੁੜੀਆਂ, ਹਿਮਾਚਲ ਜਾਂ ਕਸ਼ਮੀਰ ਵਿਚ ਹੀ ਪੇਟੀਆਂ ਵਿਚ ਰੱਖ ਦਿੱਤੀਆ ਜਾਂਦੀਆਂ ਹਨ। ਭਾਵੇਂ 2006 ਵਿਚ ਬਣੇ ਖੁਰਾਕ ਕਨੂੰਨ ਵਿਚ 10 ਲੱਖ ਤਕ ਜੁਰਮਾਨਾ ਤੇ ਉਮਰ ਕੈਦ ਤਕ ਦੀ ਸਜ਼ਾ ਦਾ ਜ਼ਿਕਰ ਹੈ। ਪਰ ਕਨੂੰਨ ਕੋਣ ਪੜ੍ਹਦਾ ਹੈ ? ਹਰ ਰੇੜੀ ਵਾਲਾ ਰੋਜ਼ਾਨਾ 40–50 ਰੁਪਏ ਅਗਿਆਤ ਸ਼ਕਤੀਆਂ ਨੂੰ ਭੇਟਾ ਕਰਦਾ ਹੈ ਤੇ ਸ਼ਾਮ ਨੂੰ, ਕਨੂੰਨ ਨੂੰ ਜਾਨਣ ਵਾਲੇ ਹਰ ਰੇੜੀ ਤੋਂ ਚੁਣ ਕੇ ਸਮਾਨ ਲੈ ਜਾਂਦੇ ਹਨ। ਹੁਣ ਆਪ ਹੀ ਸੋਚ ਲੋ, ਤੁਹਾਨੂੰ ਲੁਭਾਣ ਲਈ, ਪੁਚਕਾਰਨ ਲਈ, ਤੁਹਾਡੀਆਂ ਜੇਬਾਂ ਚ ਹੱਥ ਪਾਉਣ ਲਈ, ਜੇ ਰੰਗਦਾਰ  ਜ਼ਹਿਰ ਪਾਕੇ ਤੁਹਾਨੂੰ ਫੱਲ  ਜਾਂ ਸਬਜ਼ੀਆਂ ਵੇਚ ਦਿੰਦੇ ਹਨ ਤਾਂ ਕਿਹੜਾ ਮਾਈ ਕਾ ਲਾਲ, ਇਹਨਾਂ ਦਾ ਕੀ ਵਿਗਾੜ ਲੂ ? ਤੁਹਾਡੇ ਕੋਲ ਬਚਣ ਦਾ ਕੋਈ ਰਾਹ ਨਹੀਂ ਹੈ। ਇਹੋ ਜਿਹੇ ਹਾਲਾਤ ਵਿਚ ਕੈਂਸਰ ਵੀ ਜੇ ਨਾ ਫੈਲੇ ਤਾਂ ਤੁਸੀਂ ਕਿਸਮਤ ਵਾਲੇ ਹੋ।

–ਜਨਮੇਜਾ ਸਿੰਘ ਜੌਹਲ

ਵਕਤ ਨਾਲ ਜੰਗ

ਵਕਤ ਨਾਲ ਜੰਗ

ਜਨਮ ਤੋਂ ਹੀ ਹਰ ਜੀਵ ਜੰਗ ਲੜਨੀ ਸ਼ੁਰੂ ਕਰ ਦਿੰਦਾ ਹੈ। ਜਿਊਣ ਲਈ, ਪਹਿਲੀ ਜੰਗ ਮਾਂ ਬਾਪ ਨਾਲ ਭੁੱਖ ਮਿਟਾਉਣ ਖਾਤਰ ਲੜਦਾ ਹੈ। ਭਾਂਵੇਂ ਉਹ ਰੋ ਕੇ ਜਿੱਤ ਵੀ ਜਾਂਦਾ ਹੈ। ਪਰ ਗੱਲ ਇੱਥੇ ਹੀ ਨਹੀਂ ਖਤਮ ਹੁੰਦੀ। ਆਲੇ ਦੁਆਲੇ ਨਾਲ ਜੰਗ, ਠੰਡ ਗਰਮੀ ਨਾਲ ਜੰਗ, ਬਿਮਾਰੀਆਂ ਨਾਲ ਜੰਗ, ਸਾਥੀਆਂ ਤੋਂ ਅੱਗੇ ਨਿਕਲਣ ਦੀ ਜੰਗ, ਕੰਮ ਕਾਰ ਜਾਂ ਨੌਕਰੀ ‘ਚ ਵੱਧ ਤੋਂ ਵੱਧ ਲਾਭ ਪਾਉਣ ਲਈ ਜੰਗ, ਦੁਨੀਆ ਵਿਚ ਨਾਮ ਕਮਾਉਣ ਲਈ ਜੰਗ, ਤਾਕਤ ਦੀ ਸਿਖਰਲੀ ਪੌੜੀ ਚੱੜ੍ਹ, ਥੱਲੇ ਨਾ ਖਿਸਕਣ ਦੀ ਜੰਗ। ਮਤਲਵ ਕਿ ਸਾਰੀ ਉਮਰ ਜੰਗ ਹੀ ਜੰਗ। ਤੇ ਹਰ ਜੰਗ ਢਾਅ ਜਾਂਦੀ ਹੈ, ਕਿੰਨਾਂ ਕੁਝ ? ਘਰ ਘਾਟ, ਰਿਸ਼ਤੇ ਨਾਤੇ , ਮਿੱਤਰ ਪਿਆਰੇ, ਸੋਚ ਦੇ ਦਾਇਰੇ, ਮਨ ਦੇ ਚਸ਼ਮੇ ਆਦਿ ਆਦਿ, ਸਭ ਕੁਝ ਹੀ ਤਾਂ ਤਬਾਹ ਹੋ ਜਾਂਦਾ ਹੈ। ਤੇ ਜਿਸ ਫ਼ਲ ਦੀ ਆਸ ਵਿਚ ਇਹ ਸਭ ਕੁਝ ਕੀਤਾ ਹੁੰਦਾ ਹੈ, ਉਹ ਹੋਰ ਦੂਰ ਹੋ ਜਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ‘ਜਦ ਤਰਕ ਮੁੱਕ ਜਾਵੇ, ਹਥਿਆਰ ਚਮਕਣ ਲੱਗ ਪੈਂਦੇ ਹਨ।”  ਪਰ ਕੌਣ ਸੁਣਦਾ ਹੈ ਇਸ ਸਭ ਕਾਸੇ ਨੂੰ, ਅੱਖਾਂ ਵਿਚ ਉੱਤਰੇ ਖੂਨ ਨੇ ਹੀ 47–65–71 ਦਾ ਇਤਿਹਾਸ ਰੱਚਿਆ ਹੈ। ਲੱਖਾਂ ਮਾਵਾਂ ਦੇ ਪੁੱਤ ਖੂਨ ਨਾਲ ਲੱਥ ਪੱਥ ਹੋ ਧਰਤੀ ਦੀ ਗੋਦ ਵਿਚ ਜਾ ਸੁੱਤੇ। ਪਰ ਤਾਕਤ ਦੇ ਵਪਾਰੀਆਂ ਦੇ ਪੁੱਤਾਂ ਦੇ ਹੱਥ ਤਾਂ ਹਥਿਆਰਾਂ ਨੂੰ ਛੂੰਹਦੇ ਵੀ ਨਹੀਂ, ਮਤੇ ਹਥਿਆਰ ਅਪਵਿੱਤਰ ਨਾ ਹੋ ਜਾਣ। ਅੱਜ ਵੀ ਇਸ ਹਵੇਲੀ ਨੂੰ ਸਮਝ ਨਹੀਂ ਲੱਗਦੀ ਕਿ ਕਿਉਂ ਕਿਲਕਾਰੀਆਂ ਦੀਆਂ ਅਵਾਜ਼ਾਂ, ਚੀਖਾਂ ਵਿਚ ਬਦਲ ਗਈਆਂ? ਹੇ ਸਿਰਜਨਹਾਰੇ, ਆਪਣੀ ਸਿਰਜਨਾ ਨੂੰ ਸੁਮੱਤ ਬਖਸ਼ੀ।

–ਜਨਮੇਜਾ ਸਿੰਘ ਜੌਹਲ

ਬੰਦਾ ਕੱਲਾ ਨਹੀਂ ਹੁੰਦਾ।

ਪੁਰਾਣੇ ਸੱਮਿਆਂ ਵਿਚ ਔਰਤਾਂ ਦੇ ਸੁਭਾਅ ‘ਤੇ ਇਕ ਚੁਟਕਲਾ ਹੁੰਦਾ ਸੀ। ‘ਅਖੇ ਦੁਨੀਆ ਦਾ ਸਭ ਤੋਂ ਵੱਡਾ ਝੂਠ ਕੀ ਹੈ ?’ ਜਵਾਬ ਸੀ, ‘ ਤਿੰਨ ਔਰਤਾਂ ਕੱਠੀਆਂ ਬੈਠੀਆਂ ਚੁੱਪ ਹਨ।’ ਪਰ ਇਹ ਅੱਜ ਦਾ ਸੱਚ ਹੈ। ਅੱਜ ਤਿੰਨ ਤਾਂ ਕੀ ਜੇ ਤੀਹ ਵੀ ਹੋਣ ਤਾ ਸਭ ਚੁੱਪ ਹੁੰਦੀਆਂ ਹਨ। ਸਭ ਆਪੋ ਆਪਣੇ ਫੋਨ ਤੇ ਉਂਗਲਾਂ ਨਾਲ ਡਾਂਸ ਕਰ ਰਹੀਆਂ ਹੁੰਦੀਆਂ ਹਨ। ਪਰ ਇਸਦਾ ਮਤਲਵ ਇਹ ਨਹੀਂ ਕਿ ਬੰਦੇ ਅਕਲਮੰਦ ਹਨ। ਇਹ ਬੀਮਾਰੀ ਚਾਰੇ ਪਾਸੇ ਫੈਲ ਚੁੱਕੀ ਹੈ। ਕਿਸੇ ਨੂੰ ਵੀ ਫੋਨ ਕਰਲੋ, ਜਵਾਬੀ ਅਵਾਜ਼ ਤੋਂ ਪਤਾ ਲੱਗ ਜਾਵੇਗਾ ਕਿ ਸਾਹਿਬ ਬਾਥਰੂਮ ਵਿਚ ਹਨ। ਖੇਤ ਨੂੰ ਪਾਣੀ ਲਾਉਣ ਗਿਆ ਜੱਟ ਵੀ ਫੋਟੋਆ ਪਾਈ ਜਾਂਦਾ। ਹਾਲਾਤ ਇਹ ਹੋ ਗਏ ਹਨ ਕਿ ਅਰਥੀ ਨਾਲ, ਸ਼ਮਸ਼ਾਨ ਵਿਚਲੇ ਸਿਵੇ ਨਾਲ ਵੀ ਲੋਕ ਸੇਲਫੀਆ ਪਾਈ ਜਾਦੇ ਹਨ, ਅਖੇ  ‘ ਸਾਡਾ ਆਖਰੀ ਸਾਥ ‘। ਲੋਕਾਂ ਵਾਲੀ ਤਾਂ ਕਮਾਲ ਹੀ ਹੋਈ ਪਈ ਹੈ। ਮੇਲੇ ਵਿਚ ਝੂਟੇ ਲੈਣ ਜਾਂਦੇ ਹਨ। 15 ਰੁਪਏ ਟਿਕਟ ਲਾਕੇ ਉਪਰੋਂ ਮੇਲਾ ਦੇਖਣ ਦੀ ਬਜਾਏ, ਫੋਨ ਦੇ ਨਸ਼ੇ ਵਿਚ ਟੱਲੀ ਰਹਿੰਦੇ ਹਨ। ਫੋਨ ਅੱਜ ਹਰ ਇਕ ਦਾ ਸਾਥੀ ਬਣ ਗਿਆ ਹੈ। ਹੁਣ ਕਿਸੇ ਮਨੁੱਖੀ ਸਾਥ ਦੀ ਲੋੜ ਨਹੀਂ ਰਹਿ ਗਈ। ਹੁਣ ਤਾ ਇਹ ਵੀ ਲੱਗਣ ਲੱਗ ਪਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਬੱਚੇ ਸਣੇ ‘ਸਿਮ ਕਾਰਡ ‘ ਹੀ ਜੰਮਣ। ਬਸ ਰਿਚਾਰਜ ਹੀ ਕਰਨਾ ਬਾਕੀ ਹੋਵੇ। ਦੇਖੋ ਦੁਨੀਆ ਕੀ ਰੰਗ ਦਿਖਾਉਂਦੀ ਹੈ?

–ਜਨਮੇਜਾ ਸਿੰਘ ਜੌਹਲ

ਕਰਮ ਨਾਲ ਹੀ ਕਰਮ ਬਣਦੇ

Milkman on Motorcycleਅਸੀਂ ਅਕਸਰ ਹੀ ਜਦੋਂ ਕੋਈ ਕੰਮ ਨਾ ਬਣੇ ਜਾਂ ਸਾਡੇ ਵੱਸੋ ਬਾਹਰ ਹੋ ਜਾਵੇ ਤਾਂ ਆਖ ਦੇਂਦੇ ਹਾਂ, ‘ਸਭ ਕਰਮਾਂ ਦੀ ਖੇਡ ਹੈ’। ਇਹ ਸਾਨੂੰ ਵੀ ਪਤਾ ਹੁੰਦਾ ਹੈ ਕਿ ਅਸੀਂ ਝੂਠੀ ਤਸੱਲੀ ਦੇ ਜਾਂ ਲੈ ਰਿਹੇ ਹੁੰਦੇ ਹਾਂ, ਪਰ ਫੇਰ ਵੀ ਅਸੀਂ ਆਪਣੇ ਕਸੂਰ ਨੂੰ ਅਗਿਆਤ ਸ਼ਕਤੀਆਂ ਤੇ ਮੜ੍ਹ ਦੇਂਦੇ ਹਾਂ। ਇਹ ਵੱਡਾ ਸੱਚ ਹੈ ਕਿ ਬਿੰਨਾ ਮਿਹਨਤ ਦੇ ਕੁਝ ਵੀ ਸੰਭਵ ਨਹੀਂ। ਬਹੁਤੀ ਵਾਰੀ ਸਾਡੀ ਮਿਹਨਤ ਘੱਟ ਹੁੰਦੀ ਹੈ ਤੇ ਆਸ ਵੱਧ ਹੁੰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਰੇ ਪੀਰ ਪੈਗੰਬਰ ਇਕ ਜਾਦੂਗਰ ਬਣ ਕੇ ਸਾਡੇ ਕੰਮ ਕਰ ਦੇਣ, ਹੁਣ ਇਹ ਤਾਂ ਹੋ ਨਹੀਂ ਸਕਦਾ। ਸਾਡੇ ਵੱਡੇ ਵਡੇਰਿਆਂ ਨੇ ਆਪ ਮਿਹਨਤ ਕੀਤੀ ਹੈ ਤੇ ਮਿਹਨਤ ਤੇ ਈਮਾਨਦਾਰੀ ਦਾ ਸੰਦੇਸ਼ ਹੀ ਦਿੱਤਾ ਹੈ। ਮੱਤ ਭੁੱਲੋ ਕੇ ਕੋਈ ਵੀ ਮਿਹਨਤ ਅਜਾਂਈ ਨਹੀਂ ਜਾਂਦੀ, ਬਸ਼ਰਤੇ ਉਸ ਵਿਚ ਈਮਾਨਦਾਰੀ ਸ਼ਾਮਲ ਹੋਵੇ। ਕੱਲੇ ਕਰਮ ਹੀ ਕੁਝ ਨਹੀਂ ਕਰਦੇ। ਕਰਮ ਕਰਨਾ ਵੀ ਪੈਂਦਾ ਹੈ। ਆਓ ਆਪੋ ਆਪਣੀ ਸਰੀਰਕ ਸੁਸਤੀ ਤੇ ਮਨ ਦਾ ਜੰਜ਼ਾਲ ਲਾਹ ਕੇ, ਸੱਚੇ ਸੁੱਚੇ ਕਰਮ ਕਰੀਏ। ਫੇਰ ਦੇਖਿਓ ਲੰਬੀ ਉਮਰ ਕਿਵੇਂ ਸਾਥ ਦੇਂਦੀ ਹੈ।

– ਜਨਮੇਜਾ ਸਿੰਘ ਜੌਹਲ

ਖਾਨਾਬਦੋਸ਼ ਬਿਰਤੀ ਵਾਲਾ ਰਵਿੰਦਰ ਰਵੀ

ravinder-ravi-canadaਮੇਰੇ ਰਚਨਾ ਕਾਲ ਦੇ ਮੁੱਢਲੇ ਵਰ੍ਹਿਆਂ ਦੌਰਾਨ ਦਿੱਲੀ ਵਿਖੇ ਤਾਰਾ ਸਿੰਘ ਕਾਮਲ, ਹਰਿਭਜਨ ਸਿੰਘ ਤੇ ਅਜੀਤ ਕੌਰ ਅਤੇ ਜਲੰਧਰ ਵਿੱਚ ਰਵਿੰਦਰ ਰਵੀ, ਜਸਬੀਰ ਸਿੰਘ ਆਹਲੂਵਾਲੀਆ ਤੇ ਸੁਖਪਾਲਵੀਰ ਸਿੰਘ ਹਸਰਤ ਬੜੇ ਕਰਮਸ਼ੀਲ ਸਨ। ਹਰਿਭਜਨ ਸਿੰਘ ਦੀ ਰਚਨਾਕਾਰੀ ਤੇ ਪੇਸ਼ਕਾਰੀ ਦੋਵੇਂ ਕਮਾਲ ਦੇ ਸਨ। ਤਾਰਾ ਸਿੰਘ ਕਾਮਲ, ਮਹਿਫ਼ਿਲ ਦਾ ਬਾਦਸ਼ਾਹ ਸੀ। ਅਜੀਤ ਉੱਦਮੀ ਤੇ ਧੜੱਲੇਦਾਰ। ਜਲੰਧਰ ਵਾਲਿਆਂ ਵਿੱਚੋਂ ਜਸਬੀਰ ਆਹਲੂਵਾਲੀਆ ਆਪਣੀ ਵਿਦਵਾਨੀ ਸੋਚ ਨੂੰ ਅਫ਼ਸਰੀ ਫਿਆਜ਼ੀਆਂ ਨਾਲ ਚਮਕਾਉਣ  ਦਾ ਮਾਹਿਰ ਸੀ। ਹਸਰਤ ਹਰ ਚੜ੍ਹਦੇ ਸੂਰਜ ਦਾ ਛੋਟਾ ਭਾਈ ਬਣ ਬਹਿੰਦਾ ਸੀ ਤੇ ਰਵੀ ਸ਼ਬਦਾਂ, ਬੋਲਾਂ ਤੇ ਵਾਕਾਂ ਰਾਹੀਂ ਚਿਣਗਾਂ ਪੈਦਾ ਕਰਨ ਵਿੱਚ ਰੁੱਝਿਆ ਰਹਿੰਦਾ ਸੀ।
ਉਨ੍ਹਾਂ ਸਮਿਆਂ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਤਿੰਨ ਬਰਾਂਚਾਂ ਜਗਤਪੁਰ, ਬਰਨਾਲਾ ਤੇ ਰਾਮਪੁਰ ਸਭ ਦੀ ਆਪੋ-ਆਪਣੀ ਬੁਲੰਦੀ ਸੀ। ਰਵਿੰਦਰ ਰਵੀ ਤੇ ਮਹਿੰਦਰ ਸਿੰਘ ਦੁਸਾਂਝ, ਜਗਤਪੁਰ ਲਿਖਾਰੀ ਸਭਾ ਦੇ ਸਰਗਨਾ ਸਨ ਅਤੇ ਹਰ ਤਰ੍ਹਾਂ ਦੀ ਸਰਕੋਬੀ ਲਈ ਵਚਨਬੱਧ। ਰਵਿੰਦਰ ਰਵੀ ਨੇ ਆਹਲੂਵਾਲੀਆ ਤੇ ਹਸਰਤ ਨਾਲ ਮਿਲ ਕੇ ਸਾਹਿਤਕ ਪ੍ਰਯੋਗ ਦੀ ਲਹਿਰ ਚਲਾਈ ਤੇ ਈਸ਼ਰ ਸਿੰਘ ਅਟਾਰੀ ਨਾਲ ਮਿਲ ਕੇ ਪੰਜਾਬੀ ਸਮੀਖਿਆ ਬੋਰਡ ਦੀ ਸਥਾਪਨਾ ਕੀਤੀ। Continue reading “ਖਾਨਾਬਦੋਸ਼ ਬਿਰਤੀ ਵਾਲਾ ਰਵਿੰਦਰ ਰਵੀ”

ਬ੍ਰਾਜ਼ੀਲ ਦੇ ਪੰਜਾਬੀਆਂ ਦਾ ਪਹਿਲਾ ਗੁਰਦੁਆਰਾ

brazil-gurdwaraਅਗਸਤ 2016 ਵਿੱਚ ਓਲਪਿੰਕ ਖੇਡਾਂ ਬ੍ਰਾਜ਼ੀਲ ਦੇ ਰੀਓ ਡੀ ਜਨੇਰੋ ਵਿੱਚ ਹੋਈਆਂ। ਇਸ ਤਰ੍ਹਾਂ ਬ੍ਰਾਜ਼ੀਲ ਦੱਖਣੀ ਅਮਰੀਕਾ ਦਾ ਪਹਿਲਾ ਅਜਿਹਾ ਮੁਲਕ ਬਣਿਆ ਜਿਸ ਨੂੰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮਾਣ ਹਾਸਲ ਹੋਇਆ। ਓਲੰਪਿਕਸ ਤੋਂ ਤਕਰੀਬਨ ਇੱਕ ਮਹੀਨਾ ਪਹਿਲਾਂ ਬ੍ਰਾਜ਼ੀਲ ਵਿੱਚ ਵੱਸਦੇ ਪੰਜਾਬੀਆਂ ਨੇ ਸਾਓ ਪਾਓਲੋ ਵਿੱਚ ਆਪਣਾ ਪਹਿਲਾ ਗੁਰਦੁਆਰਾ ਬਣਾਇਆ। ਸਾਓ ਪਾਓਲੋ, ਬ੍ਰਾਜ਼ੀਲ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੇ।
ਇਸ ਮੁਲਕ ਵਿੱਚ ਰਹਿੰਦੇ ਪੰਜਾਬੀ ਪਰਿਵਾਰਾਂ ਦੀ ਗਿਣਤੀ ਬੇਸ਼ੱਕ 25-30 ਤੋਂ ਜ਼ਿਆਦਾ ਨਹੀਂ ਹੈ, ਪਰ ਫਿਰ ਵੀ ਉਨ੍ਹਾਂ ਨੇ ਹੰਭਲਾ ਮਾਰ ਕੇ ਇੱਕ ਨਿਵੇਕਲਾ ਗੁਰੂ ਘਰ ਬਣਾ ਕੇ ਆਪਣੇ ਭਾਈਚਾਰੇ ਦੇ ਰੱਬੀ ਬਾਣੀ ਨਾਲ ਜੁੜਨ ਲਈ ਇਹ ਕੇਂਦਰ ਬਣਾ ਲਿਆ। ਇਸ ਗੁਰਦੁਆਰੇ ਵਿੱਚ ਹਰ ਐਤਵਾਰ ਦਰਬਾਰ ਸਜਦਾ ਹੈ ਅਤੇ ਬਾਕੀ ਦਿਨ ਵੀ ਰਹਿਤ ਮਰਿਆਦਾ ਮੁਤਾਬਿਕ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਸ਼ਾਮ ਵੇਲੇ ਸੁਖਾਸਣ ਹੁੰਦਾ ਹੈ। ਗੁਰਦੁਆਰੇ ਦੀ ਸੇਵਾ ਸੰਭਾਲ ਲਈ ਦੋ ਸੇਵਾਦਾਰ ਖ਼ਾਸ ਤੌਰ ਉੱਤੇ ਭਾਰਤ ਤੋਂ ਕਾਨੂੰਨੀ ਤੌਰ ਉੱਤੇ ਲਿਆਂਦੇ ਗਏ ਹਨ। ਲੰਗਰ ਦੀ ਸੇਵਾ ਲਈ ਵੱਖ ਵੱਖ ਪਰਿਵਾਰ ਘਰੋਂ ਹੀ ਖਾਣਾ ਬਣਾ ਲਿਆਉਂਦੇ ਹਨ। ਜਿਹੜੀ ਇਮਾਰਤ ਵਿੱਚ ਗੁਰਦੁਆਰੇ ਦੀ ਸਥਾਪਨਾ ਕੀਤੀ ਗਈ ਹੈ, ਉਹ ਅਫ਼ਰੀਕਾ ਵੱਸੇ ਇੱਕ ਸਿੱਖ ਵਪਾਰੀ ਦੀ ਹੈ। ਉਸ ਨੇ ਇਹ ਇਮਾਰਤ ਬ੍ਰਾਜ਼ੀਲ ਦੀ ਸਿੱਖ ਸੰਗਤ ਨੂੰ ਗੁਰੂ ਘਰ ਲਈ ਦਿੱਤੀ ਹੋਈ ਹੈ। ਗੁਰਦੁਆਰੇ ਦੇ ਪ੍ਰਧਾਨ ਸਰਬਜੀਤ ਸਿੰਘ ਬੇਦੀ ਪਿਛਲੇ ਤਕਰੀਬਨ 25 ਵਰ੍ਹਿਆਂ ਤੋਂ ਇੱਥੇ ਰਹਿ ਰਹੇ ਹਨ। ਉਹ ਦੱਸਦੇ ਹਨ, ‘‘ਮੇਰੇ ਮਾਤਾ ਜੀ ਬੇਸ਼ੱਕ ਇੱਕ ਹਿੰਦੂ ਪਰਿਵਾਰ ਨਾਲ ਸਬੰਧਿਤ ਸਨ, ਪਰ ਉਨ੍ਹਾਂ ਦੀ ਗੁਰੂ ਘਰ ਵਿੱਚ ਅਥਾਹ ਸ਼ਰਧਾ ਸੀ। ਬਾਬਾ ਜੀ ਲਈ ਬੀੜ ਅਤੇ ਹੋਰ ਸਾਮਾਨ ਉਨ੍ਹਾਂ ਨੇ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ। ਸੰਗਤ ਦੇ ਭਰਪੂਰ ਸਹਿਯੋਗ ਸਦਕਾ ਹੀ ਇਸ ਗੁਰਦੁਆਰੇ ਦੀ ਸਥਾਪਨਾ ਹੋ ਸਕੀ ਹੈ।’’ Continue reading “ਬ੍ਰਾਜ਼ੀਲ ਦੇ ਪੰਜਾਬੀਆਂ ਦਾ ਪਹਿਲਾ ਗੁਰਦੁਆਰਾ”

ਕੈਨੇਡਾ ਵਿੱਚ ਪੰਜਾਬ ਭਵਨ ਦੀ ਸਥਾਪਨਾ

punjabi-bhawan-canadaਪੰਜਾਬੀ ਸੁਭਾਅ ਵਜੋਂ ਹੀ ਨਵੀਆਂ ਚੁਣੌਤੀਆਂ ਸਵੀਕਾਰਦੇ ਹੋਏ ਵੱਖ ਵੱਖ ਖਿੱਤਿਆਂ ਦੀ ਤਲਾਸ਼ ਵਿੱਚ ਰਹਿੰਦਿਆਂ ਵਿਭਿੰਨ ਪ੍ਰਸਥਿਤੀਆਂ ਤਹਿਤ ਸਥਾਪਤੀ ਦੀ ਤਲਾਸ਼ ਵਿੱਚ ਰਹਿੰਦੇ ਹਨ। ਇਸੇ ਕਰਕੇ ਇਹ ਮੰਨਿਆ ਜਾਂਦਾ ਹੈ ਕਿ ਪੰਜਾਬੀ ਦੁਨੀਆਂ ਦੇ ਹਰ ਕੋਨੇ ਤਕ ਆਪਣੀ ਪਹੁੰਚ ਸਥਾਪਤ ਕਰ ਚੁੱਕੇ ਹਨ। ਇਸ ਪ੍ਰਕਿਰਿਆ ਵਿੱਚ 1947 ਦੀ ਦੇਸ਼ ਵੰਡ ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਕਾਰਨ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਪੰਜਾਬੀਆਂ ਨੇ ਪਛਾਣ ਬਣਾਈ ਹੈ। ਉੱਥੇ ਇਨ੍ਹਾਂ ਨੇ ਵਿਦੇਸ਼ਾਂ ਵਿੱਚ ਵੀ ਆਪਣੀਆਂ ਪ੍ਰਾਪਤੀਆਂ ਦੇ ਝੰਡੇ ਗੱਡੇ ਹਨ। ਇਸੇ ਕਾਰਨ ਸਾਰੇ ਮਹਾਂਦੀਪਾਂ ਵਿੱਚ ਥੋੜ੍ਹੀ ਜਾਂ ਵੱਡੀ ਗਿਣਤੀ ਵਿੱਚ ਪੰਜਾਬੀ, ਵਿਦੇਸ਼ਾਂ ਦੀਆਂ ਧਰਤੀਆਂ ’ਤੇ ਵਿਚਰਦੇ ਹਨ। ਪਹਿਲੇ ਪੜਾਅ ਵਿੱਚ ਥਾਈਲੈਂਡ, ਸਿੰਗਾਪੁਰ, ਮਲੇਸ਼ੀਆ, ਇੰਡੋਨੇਸ਼ੀਆ, ਫਿਜੀ, ਫਿਲਪੀਨਜ਼ ਆਦਿ ਮੁਲਕਾਂ ਵਿੱਚ ਪੰਜਾਬੀਆਂ ਨੇ ਪਰਵਾਸ ਕੀਤਾ। ਇਸੇ ਤਰ੍ਹਾਂ ਅਫ਼ਰੀਕੀ ਦੇਸ਼ਾਂ ਵਿੱਚ ਤੇ ਕੀਨੀਆ ਵਿੱਚ ਪ੍ਰਭਾਵਸ਼ਾਲੀ ਸਥਾਨ ਬਣਾਇਆ। ਆਸਟਰੀਆ ਅਤੇ ਨਿਊਜ਼ੀਲੈਂਡ ਵਿੱਚ ਪੰਜਾਬੀ ਵੱਡੀ ਗਿਣਤੀ ਵਿੱਚ ਪ੍ਰਵੇਸ਼ ਕੀਤੇ। ਇਸੇ ਪ੍ਰਕਾਰ ਯੂਰਪੀਨ ਤੇ ਅਮਰੀਕੀ ਦੇਸ਼ਾਂ ਵੱਲ ਪਰਵਾਸ ਦੀ ਰੁਚੀ ਵਧੇਰੇ ਪ੍ਰਬਲ ਰੂਪ ਵਿੱਚ ਦੇਖਣ ਨੂੰ ਮਿਲਦੀ ਹੈ। ਮੁੱਢਲੇ ਪੜਾਵਾਂ ਵਿੱਚ ਸਾਊਥਹਾਲ, ਕੈਨੇਡਾ ਆਦਿ ਵਿਰਲੀ ਪੰਜਾਬੀ ਆਬਾਦੀ ਵਾਲੇ ਇਲਾਕੇ ਗਿਣੇ ਜਾਂਦੇ ਸਨ, ਪਰ ਵੀਹਵੀਂ ਸਦੀ ਦੇ ਅੰਤਲੇ ਤੇ ਇੱਕੀਵੀਂ ਸਦੀ ਦੇ ਪਹਿਲੇ ਦਹਾਕਿਆਂ ਵਿੱਚ ਕੈਨੇਡਾ ਵਿੱਚ ਪੰਜਾਬੀਆਂ ਨੇ ਆਪਣੀ ਧਾਂਕ ਜਮਾਈ ਹੈ। Continue reading “ਕੈਨੇਡਾ ਵਿੱਚ ਪੰਜਾਬ ਭਵਨ ਦੀ ਸਥਾਪਨਾ”

rbanner1

Share