Aas-Paas

gurdev-chauhanਸੰਪਾਦਕੀ ਨੋਟ : ਇਹ ਲੇਖ ਗੁਰਦੇਵ ਚੌਹਾਨ ਹੋਰਾਂ ਨੇ ਟੋਰਾਂਟੋ ਵਿਖੇ ਵਤਨ ਵੀਕਲੀ ਦੇ ਸੰਪਾਦਕ ਹੁੰਦਿਆਂ ਦਹਾਕਾ ਕੁ ਪਹਿਲਾਂ ਲਿਖੇ ਅਤੇ ਵਤਨ ਅਖਬਾਰ ਵਿੱਚ ਛਪੇ ਸਨ ਅਤੇ ਇਨ੍ਹਾਂ ਨੂੰ ਵਤਨ ਦੇ ਆਨਲਾਈਨ ਪਾਠਕਾਂ ਲਈ ਦੁਬਾਰਾ ਛਾਪਣ ਦੀ ਖੁਸੀ ਲੈ ਰਹੇ ਹਾਂ। ਆਸ-ਪਾਸ ਲੇਖ-ਲੜੀ ਇੱਕ ਸੁੰਦਰ ਪੁਸਤਕ ਰੂਪ ਵਿੱਚ ਵੀ ਛੱਪ ਚੁੱਕੀ ਹੈ।

ਯਾਤਰਾ

ਯਾਤਰਾ ਇਕ ਅਜੇਹਾ ਸ਼ਬਦ ਹੈ ਜਿਸ ਸ਼ਬਦ ਦੇ ਮਹਿਜ਼ ਉਚਾਰਨ ਨਾਲ ਮਨੁੱਖ ਵਿਸਮਾਦੀ ਅਵਸਥਾ ਵਿਚ ਚਲੇ ਜਾਂਦਾ ਹੈ, ਅਨੰਦ ਦੀ ਅਵਸਥਾ ਵਿਚ। ਨਾਲ ਹੀ ਇਹ ਮਨ ਵਿਚ ਕਈ ਤਰਾਂ ਦੇ ਸੰਦੇਹ ਅਤੇ ਡਰ ਵੀ ਭਰ ਦਿੰਦਾ ਹੈ। ਹਰ ਯਾਤਰਾ ਸੁਰੱਖਿਆ ਤੋਂ ਅਸੁਰੱਖਿਆ ਵਲ ਸਫ਼ਰ ਕਰਦੀ ਹੈ। ਇਹ ਦੂਸਰੀ ਗਲ ਹੈ ਕਿ ਇਸ ਦਾ ਅਰੰਭ ਭਾਵੇਂ ਵੱਖਰੇ, ਵੱਡੇ ਜਾਂ ਵਧੀਆ ਸੁੱਖ ਲਈ ਕੀਤਾ ਜਾਂਦਾ ਹੋਵੇ।

ਇੰਜ ਯਾਤਰਾ ਦਾ ਸਬੰਧ ਘਰ ਨਾਲੋਂ ਟੁੱਟਣ ਨਾਲ ਹੈ, ਘਰ ਨੂੰ ਛੱਡਣ ਨਾਲ। ਘਰ ਵਿਚ ਮਨੁੱਖ ਸਹਿਜ ਅਤੇ ਸੁਰੱਖਿਅਤ ਹੁੰਦਾ ਹੈ। ਇਸ ਤਰਾਂ ਘਰ ਇਕ ਤਰਾਂ ਨਾਲ ਸਾਡੀ ਮੰਜ਼ਲ ਵੀ ਬਣ ਗਿਆ ਹੁੰਦਾ ਹੈ। ਪਰ ਘਰ ਨੂੰ ਸਾਡੀ ਆਖ਼ਰੀ ਮੰਜ਼ਲ ਵੀ ਨਹੀਂ ਕਿਹਾ ਜਾ ਸਕਦਾ। ਇਸੇ ਤਰਾਂ ਚਲਦਿਆਂ ਕਦੇ ਉਹ ਵਕਤ ਵੀ ਆ ਜਾਂਦਾ ਹੈ ਜਦੋਂ ਘਰ ਨੂੰ ਛੱਡਣਾ ਅਤੇ ਯਾਤਰਾ ‘ਤੇ ਉੱਤਰ ਪੈਣਾ ਹੀ ਸਾਡੀ ਮੰਜ਼ਲ ਬਣ ਜਾਂਦਾ ਹੈ। ਸੋ ਯਾਤਰਾ ਮਨੁੱਖ ਦੀ ਹੋਣੀ ਹੈ, ਮਨੁੱਖ ਦੀ ਖ਼ਸਲਤ ਅਤੇ ਉਸ ਦੀ ਜ਼ਿੰਦਗੀ ਦੀ। ਅਸੀਂ ਘਰ ਵਿਚ ਨਿਕਲੇ ਸਾਰੀ ਉਮਰ ਨਹੀਂ ਬੈਠ ਸਕਦੇ। ਸ਼ਾਇਦ ਇਕ ਦਿਨ ਵੀ ਨਹੀਂ। ਘਰ ਵਿਚ ਘਰ ਦਾ ਸੁੱਖ ਲੈਣ ਲਈ ਘਰ ਤੋਂ ਬਾਹਰ ਜਾਣਾ ਪੈਂਦਾ ਹੈ ਨਹੀਂ ਤਾਂ ਘਰ ਖਾਣ ਨੂੰ ਪੈਂਦਾ ਹੈ। ਸੋ ਯਾਤਰਾ ਘਰ ਲਈ ਘਰ ਤੋਂ ਬਾਹਰ ਵਲ ਸ਼ੁਰੂ ਹੁੰਦੀ ਹੈ। ਘਰ ਇਸ ਦਾ ਅਰੰਭ ਬਿੰਦੂ ਹੁੰਦਾ ਹੈ।

ਪਰ ਯਾਤਰਾ ਦੇ ਅੰਤ ਉੱਤੇ ਆਉਣ ਵਾਲਾ ਘਰ ਭਾਵੇਂ ਭੌਤਿਕ ਰੂਪ ਵਿਚ ਉਹੀ ਘਰ ਹੋਵੇ ਪਰ ਇਹ ਯਾਤਰਾ ਦੇ ਸ਼ੁਰੂ ਵਾਲੇ ਘਰ ਨਾਲੋਂ ਵੱਖਰਾ ਹੁੰਦਾ ਹੈ, ਵਧੀਆ ਅਤੇ ਹੋਰ ਵੀ ਪੁਰਸਕੂਨ। ਪਰ ਇਹ ਜ਼ਰੂਰੀ ਵੀ ਨਹੀਂ ਕਿ ਇਹ ਇਵੇਂ ਹੋਵੇ। ਜੇਕਰ ਇਹ ਇਸੇ ਤਰਾਂ ਹੀ ਹੋਵੇ ਤਾਂ ਯਾਤਰਾ ਯਾਤਰਾ ਨਾ ਰਹਿ ਕੇ ਮਹਿਜ਼ ਸਫ਼ਰ ਬਣ ਜਾਵੇਗੀ, ਜਿਤਨਾ ਤੁਰ ਲਿਆ ਉਤਨਾ ਮੰਜ਼ਲ ਦੇ ਨੇੜੇ ਪਹੁੰਚ ਗਏ। ਇਸ ਮਾਪਦੰਡ ਨਾਲ ਜਿਹੜਾ ਸਫ਼ਰ ਅਸੀਂ ਹਰ ਰੋਜ਼ ਰੋਜ਼ੀ ਰੋਟੀ ਲਈ ਘਰ ਤੋਂ ਦਫ਼ਤਰ ਜਾਂ ਫ਼ੈਕਟਰੀ ਵਲ ਕਰਦੇ ਹਾਂ ਉਸ ਨੂੰ ਯਾਤਰਾ ਨਹੀਂ ਕਿਹਾ ਜਾ ਸਕਦਾ। ਇਹ ਤਾਂ ਮਹਿਜ਼ ਦਿਨਚਰਿਆ ਹੈ, ਦਿਨ-ਕਟੀ ਜਾਂ ਹੀਰੋਜ਼ ਦੀ ਭੱਜ-ਦੌੜ ਅਤੇ ਕੁੱਤੇ ਖਾਣੀ। ਇਸ ਵਿਚ ਦਿਨ ਜਾਂ ਕੰਮ ਦੇ ਅੰਤ ਤੇ ਘਰ ਪਹੁੰਚਣ ਵਿਚ ਆਤਮਿਕ ਖ਼ੁਸ਼ੀ ਨਾਲੋਂ ਸਰੀਰਕ ਅਰਾਮ ਵੱਧ ਮਿਲਦਾ ਹੈ। ਥਕਾਵਟ ਦੂਰ ਕਰਨ ਲਈ ਬੰਦੇ ਨੂੰ ਕੁਝ ਦੇਰ ਲਈ ਆਪਣਾ ਕੰਮ ਬੰਦ ਮਿਲਦਾ ਹੈ। ਥਕਾਵਟ ਦੂਰ ਕਰਨ ਲਈ ਬੰਦੇ ਨੂੰ ਕੁਝ ਦੇਰ ਲਈ ਆਪਣਾ ਕੰਮ ਬੰਦ ਕਰਨਾ ਜਾਂ ਵਿਚੇ ਛੱਡਣਾ ਪੈਂਦਾ ਹੈ। ਪਰ ਦਿਨ ਭਰ ਦੀ ਥਕਾਵਟ ਫ਼ੈਕਟਰੀ ਜਾਂ ਦਫ਼ਤਰ ਵਿਚ ਨਹੀਂ ਲਾਹੀ ਜਾ ਸਕਦੀ। ਇਸ ਦਾ ਇਲਾਜ ਘਰ ਵਿਚ ਹੀ ਸੰਭਵ ਹੈ ਜਿਹੜਾ ਤੁਹਾਡਾ ਥੁਹੜੇ ਸਮੇਂ ਲਈ ਹਰ ਰੋਜ਼ ਟਿਕਾਣਾ ਵੀ ਬਣ ਜਾਂਦਾ ਹੈ। ਇਕ ਤਰਾਂ ਨਾਲ ਨੀਂਦ ਵੀ ਸਰੀਰ ਦਾ ਘਰ ਹੀ ਹੈ ਜਿਸ ਵਿਚੋਂ ਘਰ ਵਾਂਗ ਹੀ ਅਸੀਂ ਤਰੋ ਤਾਜ਼ਾ ਹੋ ਕੇ ਨਿਕਲਦੇ ਹਾਂ। ਪਰ ਘਰ ਦੀ ਰੋਟੀ ਵਾਂਗ ਘਰ ਦੀ ਨੀਂਦ ਤਾਂ ਸੋਨੇ ਤੇ ਸੁਹਾਗਾ ਹੈ।

ਘਰ ਤੋਂ ਬਾਹਰ ਦਾ ਜਾਣਾ ਸਾਡੀ ਫਿਤਰਤ ਹੈ। ਧਾਰਮਿਕ ਪੁਸਤਕਾਂ ਅਨੁਸਾਰ ਮਨੁੱਖ ਦਾ ਅਸਲ ਟਿਕਾਣਾ ਰੱਬ ਪਾਸ ਹੈ, ਰੱਬ ਦੇ ਘਰ ਵਿਚ। ਅਸਲ ਟਿਕਾਣਾ ਹੀ ਅਸਲ ਘਰ ਹੁੰਦਾ ਹੈ। ਇਸ ਲਈ ਧਾਰਮਿਕ ਪੰਨੇ ਮਨੁਖ ਦੇ ਦੁਨਿਆਵੀ ਘਰ ਨੂੰ ਆਰਜ਼ੀ ਘਰ ਕਹਿੰਦੇ ਹਨ। ਇਹ ਆਰਜ਼ੀ ਹੈ ਇਸ ਲਈ ਇਕ ਦਿਨ ਇਸ ਨੂੰ ਛੱਡਣਾ ਹੋਵੇਗਾ। ਇਸੇ ਤਰਾਂ ਉਹ ਸਰੀਰ ਵਾਸਤੇ ਕਹਿੰਦੇ ਹਨ। ਪਰ ਇਸ ਵਲ ਮੁੜਣ ਤੋਂ ਪਹਿਲਾਂ ਇੱਟਾਂ ਗਾਰੇ ਦੇ ਘਰ ਦੀ ਗਲ ਕਰੀਏ ਅਤੇ ਆਮ ਜ਼ਿੰਦਗੀ ਦੀ ਅਤੇ ਉਸ ਵਿਚ ਰਹਿੰਦਿਆਂ ਯਾਤਰਾ ਦੇ ਮਹੁਤੱਵ ਅਤੇ ਲੋੜ ਦੀ ਵੀ। ਜਦ ਅਸੀਂ ਯਾਤਰਾ ਨੂੰ ਉਪਰੋਕਤ ਦੁਨਿਆਵੀ ਯਾਤਰਾ ਦੇ ਸੰਕਲਪ ਨਾਲੋਂ ਵੱਖ ਕਰ ਕੇ ਧਰਤੀ ਦੇ ਇਸ ਖ਼ਿੱਤੇ ਵਿਚ ਜਿੱਥੇ ਅਸੀਂ ਰਹਿੰਦੇ ਹਾਂ ਮਹਿਜ਼ ਆਪਣੀ ਜ਼ਿੰਦਗੀ ਦੇ ਅਰਥਾਂ ਵਿਚ ਵੇਖਦੇ ਹਾਂ ਤਾਂ ਅਸੀਂ ਇਕ ਦੰਮ ਆਪਣੇ ਆਪ ਨੂੰ ਇਕੱਲਿਆਂ ਪਾਂਦੇ ਹਾਂ ਅਤੇ ਸਮਾਜ ਦੀ ਭੀੜ ਦਾ ਹਿੱਸਾ ਵੀ । ਜਿਵੇਂ ਅਸੀਂ ਵਾਲਮਾਰਟ ਵਿਚੋਂ ਛੱਤਰੀ ਖਰੀਦਣ ਲਗਿਆਂ ਮਹਿਸੂਸ ਕਰਦੇ ਹਾਂ ਜਾਂ ਟਿਮ ਹੌਰਟਨ ਤੋਂ ਕਾਫੀ ਜਾਂ ਕੌਪੀਚੀਨੋ ਦਾ ਕੱਪ ਲੈ ਕੇ ਪੀ ਰਹੇ ਹੋਈਏ। ਇਸ ਪਾਸੇ ਆ ਕੇ ਅਸੀਂ ਇੰਜ ਮਹਿਸੂਸ ਕਰਦੇ ਹਾਂ ਕਿ ਜਿਵੇਂ ਸਾਨੂੰ ਹਸਪਤਾਲ ਤੋਂ ਥੁਹੜੀ ਦੇਰ ਲਈ ਛੁੱਟੀ ਮਿਲ ਗਈ ਹੋਵੇ। ਹੁਣ ਅਸੀਂ ਯਾਤਰਾ ਨੂੰ ਸਫ਼ਰ ਦੇ ਰੰਗ ਵਿਚ ਵੇਖਣ ਦੀ ਕੋਸ਼ਿਸ਼ ਕਰ ਸਕਦੇ ਹਾਂ।

ਸ਼ਫਰ ਸੈਰ ਨਾਲੋਂ ਵੱਖਰੇ ਸੁਭਾ ਦਾ ਮਾਲਕ ਹੁੰਦਾ ਹੈ। ਸੈਰ ਵਿਚ ਇਤਨਾ ਖ਼ੱਤਰਾ ਨਹੀਂ ਹੁੰਦਾ। ਸਗੋਂ ਇਹ ਤਾਂ ਕੀਤੀ ਹੀ ਅਨੰਦ ਲਈ ਜਾਂਦੀ ਹੈ। ਕਹਿੰਦੇ ਤਾਂ ਅਸੀਂ ਘਰ ਤੋਂ ਬਾਹਰ ਪਾਰਕ ਵਿਚ ਥੁਹੜੀ ਦੇਰ ਲਈ ਪੈਦਲ ਜਾ ਆਉਣ ਨੂੰ ਵੀ ਸੈਰ ਆਖਦੇ ਹਾਂ ਪਰ ਸੈਰ ਤੋਂ ਮੇਰਾ ਭਾਵ ਘਰ ਤੋਂ ਹੀ ਨਹੀਂ ਬਲਕਿ ਆਪਣੇ ਪਿੰਡ, ਸ਼ਹਿਰ ਜਾਂ ਦੇਸ ਼ਤੋਂ ਵੀ ਦੂਰ ਜਾ ਆਉਣ ਤੋਂ ਹੈ। ਸੈਰ ਵਿਚ ਵਿਅੱਕਤੀ ਸਿਰਫ਼ ਥੁਹੜੀ ਦੇਰ ਜਿਹੜੀ ਕੁਝ ਘੰਟੇ , ਕੁਝ ਦਿਨ, ਕੁਝ ਮਹੀਨੇ ਅਤੇ ਕਈ ਵਾਰ ਇਕ ਜਾਂ ਦੋ ਸਾਲ ਵੀ ਹੋ ਸਕਦੀ ਹੈ, ਲਈ ਹੀ ਘਰੋਂ ਬਾਹਰ ਗਿਆ ਹੁੰਦਾ ਹੈ ਅਤੇ ਉਹ ਇਸ ਲਈ ਬਾਹਰ ਗਿਆ ਹੁੰਦਾ ਹੈ ਕਿ ਉਸ ਨੇ ਬਾਅਦ ਵਿਚ ਘਰ ਵਾਪਸ ਬੱਚਿਆਂ, ਬੀਵੀ, ਮਾਂ ਬਾਪ ਆਦਿ ਪਾਸ ਮੁੜਣਾ ਹੁੰਦਾ ਹੈ। ਉਹਨਾਂ ਪਾਸ ਅਤੇ ਉਸ ਥਾਂ ਜਿੱਥੇ ਉਸ ਦਾ ਵਾਸਾ ਹੈ। ਸੈਰ ਦਾ ਭਾਵ ਘਰ ਨੂੰ ਛੱਡਣਾ ਨਹੀਂ ਹੁੰਦਾ ਸਗੋਂ ਕੁਝ ਦੇਰ ਲਈ ਛੱਡਣਾ ਹੁੰਦਾ ਹੈ ਤਾਂ ਕਿ ਉਸੇ ਘਰ ਵਿਚ ਲਗਾਤਾਰ ਰਹਿਣ ਨੂੰ ਨੀਰਸ ਬਨਾਉਣ ਤੋਂ ਰੋਕਿਆ ਜਾ ਸਕੇ। ਸੋ ਸੈਰ ਦਾ ਲਖ਼ਸ਼ ਘਰ ਨੂੰ ਹੋਰ ਵੀ ਆਕੱਰਸ਼ਕ ਬਨਾਉੇਣਾ ਹੁੰਦਾ ਹੈ, ਛੱਡਣਾ ਨਹੀਂ।

ਪਰ ਯਾਤਰਾ ਵਿਚ ਅਜੇਹਾ ਨਹੀਂ ਹੁੰਦਾ। ਯਾਤਰਾ ਵਿਚ ਇਹ ਪਤਾ ਨਹੀਂ ਹੁੰਦਾ ਕਿ ਮੁੜ ਘਰ ਆਇਆ ਜਾਵੇਗਾ ਜਾਂ ਨਹੀਂ। ਇਸ ਵਿਚ ਰਸਤੇ ਦੀਆਂ ਮੁਸ਼ਕਲਾਂ ਅਜੇਹੀਆਂ ਹੁੰਦੀਆਂ ਹਨ ਜਿਹਨਾਂ ਬਾਰੇ ਪਹਿਲਾਂ ਤੋਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਸ ਵਿਚ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਘਰ ਵਾਪਸੀ ਹੋਵੇਗੀ ਜਾਂ ਨਹੀਂ। ਸੋ ਯਾਤਰਾ ਤੇ ਜਾਣ ਲਗਿਆਂ ਘਰ ਦਿਆਂ ਨੂੰ ਆਖ਼ਰੀ ਅਲਵਿਦਾ ਕਹਿਣੀ ਪੈਂਦੀ ਹੈ। ਪਿਛਲੇ ਸਮਿਆਂ ਵਿਚ ਜਦ ਲੋਕੀਂ ਕਈ ਕਈ ਮਹੀਨੇ ਸਮੁੰਦਰੀ ਜਹਾਜ਼ ਵਿਚ ਲੋਕੀ ਕੀਨੀਆ , ਇੰਗਲੈਂਡ ਜਾਂ ਅਮਰੀਕਾ ਨੂੰ ਜਾਂਦੇ ਸਨ ਤਾਂ ਘਰ ਦਿਆਂ ਨੂੰ ਆਖ਼ਰੀ ਵੇਰ ਮਿਲਣ ਵਾਂਗ ਮਿਲਿਆ ਜਾਂਦਾ ਸੀ। ਬੀਵੀਆਂ ਸਮਝਦੀਆਂ ਸਨ ਕਿ ਬਾਹਰ ਜਾ ਕੇ ਪਤਾ ਨਹੀਂ ਕਿਹੜੀ ਮੇਮ ਉਸ ਦੇ ਖਾਵੰਦ ਨੂੰ ਭਰਮਾ ਲਵੇ ਅਤੇ ਉਹ ਕਦੇ ਵਾਪਸ ਆਉਣ ਹੀ ਨਾ ਦੇਵੇ ਜਾਂ ਉਹ ਆਪ ਹੀ ਨਾ ਆਉਣਾ ਚਾਹੁਣ। ਬਾਹਰ ਜਾਣਾ ਇਸ ਤਰਾਂ ਹੁੰਦਾ ਸੀ ਜਿਵੇਂ ਕੋਈ ਫੌਜੀ ਬਸਰੇ ਦੀ ਲਾਮ ਨੂੰ ਜਾ ਰਿਹਾ ਮਹਿਸੂਸ ਕਰਦਾ ਹੈ। ਅਸਲ ਵਿਚ ਮਨੁੱਖ ਨੂੰ ਅਜ਼ਲਾਂ ਤੋਂ ਯਾਤਰਾ ਦਾ ਵਰ੍ਹ ਜਾਂ ਸਰਾਪ ਮਿਲਿਆ ਹੋਇਆ ਹੈ। ਵੀਹਵੀਂ ਸਦੀ ਨੂੰ ਉਜਾੜਿਆਂ ਅਤੇ ਪਰਵਾਸਾਂ ਦੀ ਸਦੀ ਕਿਹਾ ਗਿਆ ਹੈ। ਮਨੁੱਖ ਨੂੰ ਆਪਣਾ ਘਰ ਅਤੇ ਰਿਸ਼ਤੇਦਾਰ ਹੀ ਨਹੀਂ, ਆਪਣੀ ਭੂਮੀ ਹੀ ਨਹੀਂ ਆਪਣਾ ਪਿੰਡ, ਸ਼ਹਿਰ, ਪ੍ਰਾਂਤ ਅਤੇ ਦੇਸ਼ ਵੀ ਛੱਡਣਾ ਪਿਆ ਹੈ।

ਨਵੀਂ ਬੋਲੀ ਨਵੀਂ ਸੰਸਕ੍ਰਿਤੀ ਨਵੇਂ ਲੋਕਾਂ ਨਾਲ ਮਜਬੂਰਨ ਅਤੇ ਕਈ ਵੇਰ ਸ਼ ੌਕੀਆ ਵੀ ਰਹਿਣਾ ਪਿਆ ਹੈ। ਪਿਛਲੀਆਂ ਸਦੀਆਂ ਵਿਚ ਤਾਂ ਅਫ਼ਰੀਕਨਾਂ ਨੂੰ ਗੁਲਾਮ ਬਣਾ ਕੇ ਵੀ ਦੂਰ ਦੇਸ਼ਾਂ ਵਿਚ ਲਿਜਾਇਆ ਜਾਂਦਾ ਸੀ। ਅਮਰੀਕਾ ਦੇ ਮੁਢਲੇ ਵਿਕਾਸ ਵਿਚ ਕਿਤਨੇ ਗੁਲਾਮਾਂ ਦਾ ਖੂਨ ਪਸੀਨਾ ਲੱਗਾ ਹੈ ਕੀ ਇਸ ਦਾ ਸਹੀ ਹਿਸਾਬ ਕਿਤਾਬ ਹੋ ਸਕੇਗਾ? ਹੜਾਂ੍ਹ, ਭੁੱਖਮਾਰੀਆਂ, ਤੂਫਾਨਾਂ, ਭੁਚਾਲਾਂ, ਬਰਫ਼ਬਾਰੀਆਂ, ਸੋਕਿਆਂ, ਅਕਾਲਾਂ, ਅੱਗਾਂ ਅਤੇ ਬੰਬਾਂ ਨੇ ਕਿੰਨੇ ਲੋਕਾਂ ਨੂੰ ਬੇਘਰੇ ਕੀਤਾ ਹੈ ਇਸ ਦੀ ਗਿਣਤੀ ਇੱਤਿਹਾਸ ਦੀਆਂ ਫਾਇਲਾਂ ਕੋਲੋਂ ਵੀ ਸਾਂਭੀ ਨਹੀਂ ਜਾ ਸਕਦੀ। ਇਸ ਦਾ ਦੁੱਖ ਮਨੁੱਖ ਦੀ ਯਾਦਦਾਸ਼ਤ ਦੀਆਂ ਅੱਖਾਂ ਵੀ ਨਹੀਂ ਸਾਂਭ ਸਕਦੀਆਂ। ਚਿੱਤਰਾਂ ਅਤੇ ਕਵਿਤਾਵਾਂ ਕੋਲੋਂ ਵੀ ਇਹ ਦੁੱਖ ਨਾ ਪੂਰਾ ਰੋਇਆ ਜਾ ਸਕਦਾ ਹੈ ਨਾ ਭੁੱਲਿਆ ਜਾ ਸਕਦਾ ਹੈ। ਮੈਨੂੰ ਐਡਮ ਜ਼ਾਗੇਜਵਸਕੀ ਦੀ ਪੌਲਿਸ਼ ਕਵਿਤਾ ‘ ਰੀਫ਼ੂਜ਼ੀ’ ਯਾਦ ਆ ਰਹੀ ਹੈ ਜਿਹੜੀ ਇਸ ਤਰਾਸਦੀ ਦੀ ਥੌਹ ਪਾਉਂਦੀ ਜਾਪਦੀ ਹੈ: ਭਾਰਾਂ ਨਾਲ ਝੁਕੇ ਹੋਏ, ਜਿਹੜੇ ਕਈ ਵੇਰ ਦਿਸਦੇ ਹਨ ਅਤੇ ਕਈ ਵਾਰ ਨਹੀਂ ਵੀ ਉਹ ਚਿੱਕ ਜਾਂ ਰੇਗ਼ਸਤਾਨ ਦਿਆਂ ਰੇਤਿਆਂ ਵਿਚ ਤੁਰਦੇ ਹਨ, ਕੁੱਬੇ ਹੋਏ ਹੋਏ, ਭੁੱਖੇ ਚੁੱਪ ਅਤੇ ਚੌਹਾਂ ਰੁੱਤਾਂ ਲਈ ਭਾਰੀਆਂ ਜੈਕਟਾਂ ਪਾਈ ਬੁਢੀਆਂ ਔਰਤਾਂ ਝੁਰੜੀਆਂ ਵਾਲੇ ਚਿਹਰਿਆਂ ਨਾਲ ਹਮੇਸਾਂ ਕੁਝ ਚੁੱਕਿਆ ਹੋਇਆ, ਬਾਪ-ਦਾਦੇ ਦੇ ਵੇਲੇ ਦਾ ਲੈਂਪ, ਆਖ਼ਰੀ ਬਚੀ ਹੋਈ ਰੋਟੀ?

ਅਜ ਇਹ ਬੋਸਨੀਆ ਹੋ ਸਕਦਾ ਹੈ, ਸਤੰਬਰ ’39 ਦਾ ਪੋਲੈਂਡ ਸੋਮਾਲੀਆ, ਅਫ਼ਗ਼ਾਨਿਸਤਾਨ, ਮਿਸਰ ਉਹਨਾਂ ਕੋਲ ਹਮੇਸ਼ਾਂ ਇਕ ਗੱਡੀ ਹੁੰਦੀ ਹੈ ਜਾਂ ਘੱਟੋ ਘੱਟ ਇਕ ਠੇਲਾ ਖਜ਼ਾਨਿਆਂ ਨਾਲ ਭਰਿਆ ( ਰਜਾਈ, ਚਾਂਦੀ ਦਾ ਕੱਪ, ਘਰ ਦੀ ਧੁੰਦਲੀ ਹੋ ਰਹੀ ਯਾਦ), ਇਕ ਕਾਰ ਪੈਟਰੋਲ ਖੁਣੋ ਖਾਲ ਵਿਚ ਗਿਰੀ ਹੋਈ, ਇਕ ਘੋੜਾ( ਛੇਤੀ ਹੀ ਪਿਛੇ ਛਡ ਦੇਣਾ ਹੋਵੇਗਾ ਉਸ ਨੂੰ), ਬਰਫ਼, ਬਹੁਤ ਸਾਰੀ ਬਰਫ਼, ਕੁਝ ਵੱਧ ਅਧਿਕ ਬਰਫ਼, ਬਹੁਤ ਅਧਿਕ ਧੁੱਪ, ਬਹੁਤ ਅਧਿਕ ਬਾਰਸ਼, ਅਤੇ ਹਮੇਸ਼ਾਂ ਉਹ ਵੱਖਰੀ ਪਛਾਣ ਵਾਲਾ ਕੁੱਬ ਜਿਵੇਂ ਕੋਈ ਦੂਸਰੇ, ਵਧੀਆ ਗ੍ਰਿਹ ਵੱਲ ਝੁੱਕ ਰਿਹਾ ਹੋਵੇ ਜਿਸਦੇ ਫੌਜੀ ਹੁਕਮਰਾਨ ਤਾਕਤ ਦੇ ਕੁਝ ਘੱਟ ਭੁੱਖੇ ਹੋਣ ਬਰਫ ਥੁਹੜੀ ਘੱਟ , ਹਨੇਰੀ੍ਹ ਵੀ ਘੱਟ, ਥੁਹੜੀਆਂ ਬੰਦੂਕਾਂ, ਘੱਟ ਇਤਿਹਾਸ (ਖੁਦਾਇਆ ਅਜੇਹਾ ਕੋਈ ਉੱਪ-ਗ੍ਰਿਹ ਨਹੀਂ ਹੈ) (ਖੁਦਾਇਆ ਅਜੇਹਾ ਕੋਈ ਉੱਪ-ਗ੍ਹਿਹ ਨਹੀਂ ਹੈ, ਸਿਰਫ਼ ਉੱਧਰ ਵਲ ਝੁਕਿਆ ਹੋਇਆ ਇਕ ਕੁੱਬ ਹੈ)। ਆਪਣੇ ਪੈਰਾਂ ਨੂੰ ਧਕੋਜ਼ੋਰੀ ਅੱਗੇ ਚੁਕਦੇ ਤੇ ਰਖਦੇ, ਉਹ ਤੁਰਦੇ ਹਨ, ਹੌਲੀ, ਬਹੁਤ ਹੌਲੀ ਇਕ ਅਜੇਹੇ ਮੁਲਕ ਵੱਲ ਜਿਹੜਾ ਕਿੱਧਰੇ ਨਹੀਂ ਹੈ ਅਤੇ ਉਸ ਸ਼ਹਿਰ ਵੱਲ ਜਿਹੜਾ ਨਹੀਂ ਹੈ ਕਦੇ ਵੀ ਨਾ ਹੋਣ ਵਾਲੇ ਦਰਿਆ ਦੇ ਕੰਢੇ ਕੰਢੇ। ਅਜੇਹੀ ਰਿਫੂਜ਼ੀ ਯਾਤਰਾ ਮਨੁੱਖ ਹੀ ਨਹੀਂ ਪੰਛੀ, ਮੱਛੀਆਂ, ਜੰਗਲੀ ਜਾਨਵਰ ਅਤੇ ਪੇੜਾਂ ਦੇ ਬੀਜ ਵੀ ਕਰਦੇ ਹਨ। ਟਿੱਡੀਦੱਲ, ਕੂਜਾਂ, ਸਾਈਬੇਰੀਅਨ ਬਤਖ਼ਾਂ ਤੋਂ ਲੈ ਕੇ ਮੌਨਾਰਕ ਤਿੱਤਲੀਆਂ ਤੀਕ। ਸੱਪ ਕਿਰਲੀਆਂ ਅਤੇ ਬਹੁਤ ਸਾਰੇ ਜੀਵ ਜੰਤੂ ਹਾਈਬਰਨੇਟ ਕਰਦੇ ਹਨ ਜਿਸ ਨੂੰ ਅੰਦਰਲੀ ਯਾਤਰਾ ਕਿਹਾ ਜਾ ਸਕਦਾ ਹੈ। ਕਈ ਵਾਰ ਯਾਤਰਾ ਸਥਾਨਮੁਖੀ ਨਹੀਂ ਸਗੋਂ ਸਪੇਸ-ਮੁੱਖੀ ਹੁੰਦੀ ਹੈ। ਇਸ ਨੂੰ ਅਸੀਂ ਅੰਦਰ ਦੀ ਯਾਤਰਾ ਵੀ ਕਹਿ ਸਕਦੇ ਹਾਂ। ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਇਕ ਯਾਤਰਾ ਹੈ। ਮਨੁੱਖ ਨੂੰ ਜ਼ਿੰਦਗੀ ਦੀ ਯਾਤਰਾ ਦਾ ਭਾਰ ਮੂਲ ਰੂਪ ਵਿਚ ਇਕੱਲਿਆਂ ਹੀ ਉਠਾਉਣਾ ਪੈਂਦਾ ਹੈ।

ਜ਼ਿੰਦਗੀ ਦੀ ਯਾਤਰਾ ਦਾ ਭਾਰ ਮੂਲ ਰੂਪ ਵਿਚ ਇਕੱਲਿਆਂ ਹੀ ਉਠਾਉਣਾ ਪੈਂਦਾ ਹੈ। ਜ਼ਿੰਦਗੀ ਦੀ ਇਹ ਯਾਤਰਾ ਸਾਡੇ ਜਨਮ ਤੋਂ ਸ਼ੁਰੂ ਹੁੰਦੀ ਹੈ ਅਤੇ ਸਾਡੀ ਮੌਤ ਨਾਲ ਖ਼ਤਮ ਹੋ ਜਾਂਦੀ ਹੈ। ਇਸ ਨੂੰ ਅਸੀਂ ਦੁਨਿਆਵੀ ਯਾਤਰਾ ਦੀ ਸੰਗਿਆ ਦੇ ਸਕਦੇ ਹਾਂ। ਪਰ ਇਸ ਯਾਤਰਾ ਦੇ ਆਰੰਭ ਅਤੇ ਅੰਤ ਬਾਰੇ ਬਹੁਤ ਕੁਝ ਲੁਕਿਆ ਅਤੇ ਛੁੱਪਿਆ ਹੋਇਆ ਹੈ। ਕੀ ਜ਼ਿੰਦਗੀ ਦਾ ਅਰੰਭ ਬੱਚੇ ਦੇ ਮਾਂ ਦੀ ਕੁੱਖ ਵਿਚੋਂ ਬਾਹਰ ਆਉਣ ਨਾਲ ਹੁੰਦਾ ਹੈ ਜਾਂ ਜਾਂ ਮਾਂ ਦੀ ਕੁੱਖ ਵਿਚ ਬੱਚੇ ਦੇ ਬੀਜ ਦੇ ਪੈਦਾ ਹੋਣ ਨਾਲ। ਜਾਂ ਕੀ ਇਹ ਹੋਰ ਸਹੀ ਨਹੀਂ ਹੋਵੇਗਾ ਜੇਕਰ ਅਸੀਂ ਆਰੰਭ ਨੂੰ ਹੋਰ ਪਿੱਛੇ ਖਿੱਚ ਕੇ ਇਸ ਬੀਜ ਦੇ ਸਰੋਤ ਪੇੜ-ਪੌਦੇ ਭਾਵ ਮਾਂ ਅਤੇ ਪਿਓ ਦੀ ਜ਼ਿੰਦਗੀ ਦੇ ਆਰੰਭ ਵਲ ਚਲੇ ਜਾਈਏ ਅਤੇ ਇਸ ਤਰਾਂ ਹੋਰ ਪਿੱਛੇ ਹੋਰ ਪਿੱਛੇ ਜਾਂਦੇ ਹੋਏ ਸ਼੍ਰਿਸ਼ਟੀ ਦੇ ਮੂਲ ਬਿੰਦੂ ਤੀਕ ਪਹੁੰਚ ਜਾਈਏ। ਇਸੇ ਤਰਾਂ ਜ਼ਿੰਦਗੀ ਦੇ ਅੰਤ ਬਾਰੇ ਕਿਹਾ ਜਾ ਸਕਦਾ ਹੈ। ਮੌਤ ਨੂੰ ਅਧਿਆਤਮੀਆਂ ਨੇ ਮਹਿਜ਼ ਇਕ ਵੱਡੀ ਨੀਂਦ ਹੀ ਕਿਹਾ ਹੈ ਜਿਸ ਪਿਛੋਂ ਅਸੀਂ ਹੋਰ ਵੀ ਤਰੋ ਤਾਜਾ ਹੋ ਕੇ ਜਾਗਦੇ ਹਾਂ। ਕਈ ਇਸ ਨੂੰ ਨਵੇਂ ਜਨਮ ਦਾ ਨਾਂਅ ਦਿੰਦੇ ਹਨ। ਫਿਲਹਾਲ ਅਸੀਂ ਇਹ ਨਹੀਂ ਜਾਣਦੇ ਕਿ ਮੌਤ ਪਿੱਛੋਂ ਕੀ ਹੁੰਦਾ ਹੈ। ਜੇਕਰ ਕੋਈ ਮਹਾਂਪੁਰਸ਼ ਆਖਦਾ ਹੈ ਕਿ ਜ਼ਿੰਦਗੀ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ ਵੀ ਜ਼ਿੰਦਗੀ ਜ਼ਾਰੀ ਰਹਿੰਦੀ ਹੈ ਸਿਰਫ ਸਰੀਰ ਹੀ ਬਦਲਦਾ ਹੈ ਆਤਮਾ ਉਹੀ ਰਹਿੰਦੀ ਹੈ ਤਾਂ ਅਸੀਂ ਕੁਝ ਕੁ ਸਹਿਮਤੀ ਅਤੇ ਕੁਝ ਕੁ ਸੰਦੇਹ ਨਾਲ ਇਸ ਨੂੰ ਮੰਨ ਲੈਂਦੇ ਜਾਂ ਨਕਾਰ ਦਿੰਦੇ ਹਾਂ। ਪਰ ਜਿਸ ਯਾਤਰਾ ਦਾ ਅਕਸ ਅਤੇ ਭਾਵ ਲੈ ਕੇ ਇਸ ਲੇਖ ਦੀ ਯਾਤਰਾ ਸ਼ੁਰੂ ਹੋਈ ਸੀ ਉਸ ਦੇ ਅੰਤਰਗਤ ਯਾਤਰਾ ਦਾ ਕੀ ਕੋਈ ਹੋਰ ਵੀ ਮੁੱਦਾ, ਅੰਸ ਜਾਂ ਮੁਕਾਮ ਰਹਿ ਗਿਆ ਹੈ? ਮੇਰਾ ਭਾਵ ਇਸ ਜ਼ਿੰਦਗੀ ਦੇ ਅੰਤਰਗਤ ਯਾਤਰਾ ਤੋਂ ਹੈ। ਜ਼ਿੰਦਗੀ ਤੋਂ ਬਾਹਰ ਜਾਣ ਦੀ ਕਾਹਲ, ਮਜਬੂਰੀ ਜਾਂ ਲਾਲਚ ਤੋਂ ਬਚ ਕੇ। “ਮੈਂ ਗਿਰਜੇ ਦਾ ਥੰਮ ਨਹੀਂ ਕਿ ਇਕੇ ਥਾਂ ਖਲੋਤਾ ਰਵਾਂ,” ਸੈਮੂਅਲ ਬੈਕਟ ਦੇ ਨਾਟਕ ਦਾ ਇਕ ਪਾਤਰ ਕਹਿੰਦਾ ਹੈ। ਮਨੁੱਖ ਇਕ ਥਾਂ ਖਲੋਤਾ ਨਹੀਂ ਰਹਿ ਸਕਦਾ। ਇਸ ਤਰਾਂ ਕਰਨ ਨਾਲ ਉਸ ਨੂੰ ਉੱਲੀ ਲਗ ਜਾਂਦੀ ਹੈ। ਯਾਤਰਾ ਦਾ ਸਕੰਲਪ ਮਨੁੱਖੀ ਜ਼ਿੰਦਗੀ ਲਈ ਕੇਂਦਰੀ ਹੈ। ਮਨੁੱਖ ਦਾ ਇਤਿਹਾਸ ਅਜੇਹੀਆਂ ਯਾਤਰਾਵਾਂ ਨਾਲ ਭਰਿਆ ਹੋਇਆ ਹੈ। ਅਜੇਹੀ ਯਾਤਰਾ ਨਾਲ ਜਿਹੜੀ ਉਸ ਦੀਂ ਹੋਂਦ ਲਈ ਕੇਂਦਰੀ ਹੀ ਨਹੀਂ, ਮੁਢਲੀ ਵੀ ਹੈ। ਪਹਿਲੀ ਗਲ ਤਾਂ ਇਹੀ ਵਿਚਾਰਣ ਵਾਲੀ ਹੈ ਕਿ ਕੀ ਯਾਤਰਾ ਦਾ ਕੋਈ ਪ੍ਰਯੋਜਨ ਵੀ ਹੁੰਦਾ ਹੈ? ਕੋਈ ਲਖ਼ਸ਼, ਕੋਈ ਟੀਚਾ, ਕੋਈ ਮਿੱਥ ਜਾਂ ਕੋਈ ਪ੍ਰੇਰਨਾ? ਆਮ ਤੌਰ ਤੇ ਮਨੁੱਖ ਅਨੁਸ਼ਾਸ਼ਨੀ ਸੁਭਾਵ ਰਖਦਾ ਹੈ। ਉਹ ਧੂੰਦ ਅਤੇ ਧੂੜ ਦੇ ਪਿੱਛੇ ਕੀ ਹੈ ਉਸ ਨੂੰ ਵੇਖਣ ਅਤੇ ਪੜ੍ਹਣ ਦੀ ਕੋਸ਼ਿਸ ਕਰਦਾ ਹੈ। ਉਹ ਕਿਓਸ ਵਿਚ ਵੀ ਬਣਤਰ ਵੇਖਦਾ ਹੈ। ਉਸ ਹਰ ਵਸਤ ਨੂੰ ਆਪਣੀ ਮਰਜੀ ਦੀ ਸ਼ਕਲ ਦੇਣੀ ਚਾਹੁੰਦਾ ਹੈ , ਸ਼ਬਦਾਂ ਨਾਲ, ਚਿੱਤਰਾਂ ਨਾਲ, ਆਵਾਜ਼ ਜਾਂ ਧੁੰਨ ਨਾਲ, ਸਪਰਸ਼ ਨਾਲ, ਅਨੁਭਵਾਂ ਨਾਲ। ਕਹਾਣੀ, ਚਿੱਤਰ, ਗੀਤ, ਕਵਿਤਾ, ਭਵਨ ਨਿਰਮਾਣ, ਮਿੱਥ, ਖੇਡ, ਕਾਮਕ੍ਰੀੜਾ ਜਾਂ ਨਿਰੋਲ ਲਿਖਤੀ ਜਾਂ ਮੌਖ਼ਿਕ ਵਿਚਾਰ ਅਤੇ ਹਰ ਤਰਾਂ ਦੇ ਪਦਾਰਥਾਂ ਦਾ ਬਨਾਣਾ ਜਾਂ ਕੰਮਾਂ ਦਾ ਕਰਨਾ ਜਿਹੜੇ ਜ਼ਿੰਦਗੀ ਜੀਣ ਜਾਂ ਮਾਨਣ ਦੀ ਸਮਗਰੀ ਵਿਚ ਸਹਾਇਕ ਹੋਣ ਯਾਤਰਾ ਦੇ ਪਰੋਯੋਜਨ ਦਾ ਹਿੱਸਾ ਹੋ ਸਕਦੇ ਹਨ। ਜਿਹੜੀਆਂ ਯਾਤਰਾਵਾਂ ਮਨੁੱਖ ਉੱਤੇ ਥੌਂਪੀਆਂ ਗਈਆਂ ਹੁੰਦੀਆਂ ਹਨ ਅਸੀਂ ਉਹਨਾਂ ਨੂੰ ਉਜਾੜਾ, ਪਰਵਾਸ, ਦੇਸ਼ਨਿਕਾਲਾ, ਬਨਵਾਸ ਆਦਿ ਦਾ ਨਾਂਅ ਦੇ ਦਿੰਦੇ ਹਨ। ਮੂਲ ਰੂਪ ਵਿਚ ਇਹਨਾਂ ਦਾ ਸੁਭਾਅ ਵੀ ਯਾਤਰਾ ਵਾਲਾ ਹੀ ਰਹਿੰਦਾ ਹੈ। ਕੋਈ ਨਾ ਕੋਈ ਪਰਯੋਜਨ ਤਾਂ ਇਹਨਾਂ ਦੀ ਵੀ ਚੂਲ ਹੁੰਦਾ ਹੈ। ਸੋ ਇਹ ਤਾਂ ਤੈਹ ਹੋਇਆ ਆਖਿਆ ਜਾ ਸਕਦਾ ਹੈ ਕਿ ਹਰ ਯਾਤਰਾ ਦਾ ਪ੍ਰਯੋਜਨ ਹੁੰਦਾ ਹੈ ਪਰ ਇਸ ਤੋਂ ਇਹ ਭਾਵ ਨਹੀਂ ਹੈ ਕਿ ਇਹ ਪ੍ਰਯੋਜਨ ਠੀਕ ਜਾਂ ਸਹੀ ਹੋਵੇ। ਠੀਕ ਜਾਂ ਸਹੀ ਦਾ ਪ੍ਰਸ਼ਨ ਨਿੱਜੀ ਅਤੇ ਸਮਾਜਕ ਪ੍ਰਸੰਗਕਤਾ ਰਖਦਾ ਹੈ। ਅਤੇ ਕਈ ਵਾਰੀ ਕਾਲਕ ਵੀ। ਸੋ ਉਹ ਸਾਰੀਆਂ ਮੂਲ ਪ੍ਰਸੰਗ ਤੋਂ ਦੂਰ ਲਿਜਾਣ ਵਾਲੀਆਂ ਚੀਜ਼ਾਂ ਛੱਡਣੀਆਂ ਜ਼ਰੂਰੀ ਹਨ ਜਿਹੜੀਆਂ ਯਾਤਰਾ ਦੇ ਪ੍ਰਸੰਗ ਨਾਲ ਆਪਮੁਹਾਰੇ ਲਸੂੜੇ ਦੀ ਗਿਟਕ ਵਾਘ ਚੁੰਮੜ ਜਾਂਦੀਆਂ ਹਨ। ਜ਼ਿੰਦਗੀ ਨੂੰ ਯਾਤਰਾ ਕਿਹਾ ਗਿਆ ਹੈ। ਸਰੀਰ ਨੂੰ ਵਾਹਨ ਕਿਹਾ ਗਿਆ ਹੈ।ਜ਼ਿੰਦਗੀ ਨੂੰ ਖੇਡ ਅਤੇ ਮੌਤ ਨੂੰ ਅਰਾਮ ਕਿਹਾ ਗਿਆ ਹੈ। ਯਾਤਰਾ ਦਾ ਮੁੱਖ ਲੱਛਣ ਇਹ ਹੁੰਦਾ ਹੈ ਕਿ ਇਸ ਦੇ ਰਾਹ ਵਿਚ ਕੋਈ ਨਾ ਕੋਈ ਰੁਕਾਵਟ ਜ਼ਰੂਰ ਹੁੰਦੀ ਹੈ। ਗਰੀਕ ਦੁਖਾਂਤ ਵਾਂਗ ਕਈ ਵਾਰੀ ਇਹ ਰੁਕਾਵਟ ਹੀ ਯਾਤਰਾ ਦਾ ਸੁਭਾਅ ਬਣ ਜਾਂਦਾ ਹੈ। ਯਾਤਰਾ ਵਿਚ ਤੁਰਿਆ ਹੋਇਆ ਪੈਂਡਾ ਮੁਕਾਇਆ ਹੋਇਆ ਪੈਂਡਾ ਨਹੀਂ ਹੁੰਦਾ।

ਕਈ ਵਾਰ ਤੁਸੀਂ ਤੁਰ ਹੀ ਗਲਤ ਦਿੱੰਾਂ ਵਲ ਹੁੰਦੇ ਹੌ ਅਤੇ ਇਸ ਲਈ ਤੁਹਾਡਾਂ ਪੂਂਡਾ ਤੁਰੇ ਹੋਏ ਫਾਸਲੇ ਜਿੰਨਾ ਹੋਰ ਵੱਧ ਜਾਂਦਾ ਹੈ। ਯਾਤਰਾ ਵਿਚ ਇਸ ਲਈ ਕਹਿੰਦੇ ਹਨ ਕਿ ਕਿਸੇ ਪੱਥਪ੍ਰਦਰਸ਼ਕ ਦੀ ਹੋਰ ਵੱਧ ਜਾਂਦਾ ਹੈ। ਯਾਤਰਾ ਵਿਚ ਇਸ ਲਈ ਕਹਿੰਦੇ ਹਨ ਕਿ ਕਿਸੇ ਪੱਥਪ੍ਰਦਰਸ਼ਕ ਦੀ ਲੋੜ ਹੁੰਦੀ ਹੈ। ਗੁਰੁ ਦੀ ਲੋੜ ਜਿਹੜਾ ਤੁਹਾਡੀ ਯਾਤਰਾ ਨੂੰ ਸਹੀ ਮੋੜ ਦੇ ਸਕੇ ਤੁਹਾਨੂੰ ਭਟਕ ਜਾਣ ਤੋਂ ਬਚਾ ਸਕੇ। ਜ਼ਿੰਦਗੀ ਦੀ ਯਾਤਰਾ ਵਿਚ ਹਰ ਮੋੜ ਉੱਤੇ ਨਿੱਕੀਆਂ ਜਾਂ ਵੱਡੀਆਂ ਪੱਗਡੰਡੀਆਂ ਤੁਹਾਡੇ ਰਸਤੇ ਨੂੰ ਕਈ ਦਿਸ਼ਾਵਾਂ ਵਿਚ ਵੰਡ ਦਿੰਦੀਆਂ ਹਨ। ਹਰ ਚੌਰਾਹੇ ਤੇ ਤੁਹਾਨੂੰ ਚੋਣ ਕਰਨੀ ਪੈਂਦੀ ਹੈ ਕਿ ਕਿਹੜਾ ਰਸਤਾ ਫੜਿਆ ਜਾਵੇ ਅਤੇ ਕਿਹੜਾ ਛੱਡ ਦਿੱਤਾ ਜਾਵੇ। ਰਸਤੇ ਦੇ ਸਫ਼ਰ ਲਈ ਕੁਝ ਨਾ ਕੁਝ ਭਾਰ ਚੁਕਣਾ ਜ਼ਰੂਰੀ ਹੁੰਦਾ ਹੈ ਜਿਹੜਾ ਤੁਹਾਡੇ ਰਸਤੇ ਵਿਚ ਕੰਮ ਆਉਂਦਾ ਹੈ, ਗੱਡੀ, ਊਂਠ , ਘੋੜਾ, ਪਾਣੀ ਦਾ ਲੋਟਾ, ਛੱਤਰੀ, ਰੋਟੀ, ਜੁੱਤੀ, ਕਪੜੇ, ਡੰਡਾ, ਦਵਾਈ,ਪੈਸੇ ਅਤੇ ਜ਼ਰੂਰੀ ਕਾਗ਼ਜ਼ ਪੱਤਰ। ਭਾਰ ਇਤਨਾ ਭਾਰੂ ਵੀ ਨਹੀਂ ਹੋਣਾ ਚਾਹੀਦਾ ਕਿ ਤੁਰਨ ਵਿਚ ਹੀ ਰੁਕਾਵਟ ਬਣ ਜਾਵੇ। ਸਭ ਨਾਲੋਂ ਵੱਧ ਜ਼ਰੂਰੀ ਤਾਂ ਇਹ ਜਾਨਣਾ ਹੀ ਹੁੰਦਾ ਹੈ ਕਿ ਯਾਤਰਾ ਦਾ ਮਕਸਦ ਕਿਧਰੇ ਇਸ ਤੇ ਨਾ ਤੁਰਨ ਦੇ ਫਾਇਦਿਆਂ ਨਾਲੋਂ ਛੋਟਾ ਤਾਂ ਨਹੀਂ। ਪਰ ਜ਼ਿੰਦਗੀ ਦੀ ਅੰਤਹੀਨ ਯਾਤਰਾ ਦਾ ਕੇਂਦਰੀ ਸੁਭਾ ਹੈ ਕਿ ਇਹ ਨਾ ਪੈਰ ਵੇਖ ਕੇ ਕੀਤੀ ਜਾਂਦੀ ਹੈ, ਨਾ ਇਹ ਭਾਰ ਨਾਲ ਹੰਭਦੀ ਹੈ ਅਤੇ ਨਾ ਇਹ ਘਾਟੇ ਵਾਧੇ ਦੇ ਚੱਕਰ ਵਿਚ ਹੀ ਖ਼ਚਤ ਹੁੰਦੀ ਹੈ। ਜਿਵੇਂ ਇਸ ਦਾ ਲੁਕਿਆ ਹੋਇਆ ਪ੍ਰਯੋਜਨ ਮਹਿਜ਼ ਸਰੀਰ ਜਾਂ ਮਨ ਨੂੰ ਕਸ਼ਟ ਦੇਣਾ ਹੀ ਹੋਵੇ। ਜਿਵੇਂ ਇਹ ਯਾਤਰੂ ਦੇ ਰਸਤੇ ਵਿਚ ਗੁੰਮ ਜਾਂ ਖ਼ਤਮ ਹੋ ਜਾਣ ਨਾਲ ਹੀ ਸਫ਼ਲ ਹੁੰਦੀ ਹੋਵੇ! – ਗੁਰਦੇਵ ਚੌਹਾਨ

rbanner1

Share