Religion

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ : ਕਾਰਨ ਤੇ ਪ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਸਿੱਖ ਲਹਿਰ ਨੇ ਪੰਜਾਬ ਵਿਚ ਸੱਭਿਆਚਾਰਕ ਤੇ ਰਾਜਨੀਤਕ ਇਨਕਲਾਬ ਦਾ ਮੁੱਢ ਬੰਨ੍ਹਿਆ। ਇਸ ਵਿਚਾਰਧਾਰਾ ਨੇ ਲੋਕਾਂ ਵਿਚ ਵੰਡ-ਵਿਤਕਰੇ ਪੈਦਾ ਕਰਨ ਵਾਲੀ ਤੇ ਮਨੁੱਖੀ ਸ਼ਕਤੀ ਨੂੰ ਹੀਣ-ਖੀਣ ਕਰਨ ਵਾਲੀ ਸਮੁੱਚੀ ਪ੍ਰਕਿਰਿਆ ਦਾ ਖੰਡਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਜਨੀਤਕ ਸਤਾ ਨੂੰ ਮਾਨਵਤਾ ਦੇ ਕਸ਼ਟਾਂ ਦਾ ਕਾਰਨ ਮੰਨਿਆ ਤੇ ਰਾਜਸੀ ਚੇਤਨਾ ਦਾ ਮੁੱਢ ਬੰਨ੍ਹਿਆ, ਜੋ ਪਿੱਛੋਂ ਜਾ ਕੇ ਰਾਜਨੀਤਕ ਸੰਘਰਸ਼ਾਂ ਦਾ ਕਾਰਨ ਬਣੀ। ਗੁਰੂ ਜੀ ਨੇ ਮਨੁੱਖੀ ਸਮਾਨਤਾ, ਸੁਤੰਤਰਤਾ ਤੇ ਨਿਆਂ ਦੀਆਂ ਮਾਨਵੀ ਕੀਮਤਾਂ ਵਾਲੀ ਇਕ ਵੱਖਰੀ ਜਿਹੀ ਜਾਗਰੂਕ ਮਾਨਵਤਾ ਦੀ ਸ਼੍ਰੇਣੀ ਉਤਪਨ ਕਰਨ ਲਈ ਜ਼ੋਰਦਾਰ ਸੰਘਰਸ਼ ਕੀਤਾ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਨਵੇਂ ਸ਼ਕਤੀਸ਼ਾਲੀ ਮਨੁੱਖ ਦੀ ਘਾੜਤ ਲਈ ‘ਜਉ ਤਉ ਪਰੇਮ ਖੇਲਣ ਕਾ ਚਾਉ। ਸਿਰੁ ਧਰਿ ਤਲੀ ਗਲੀ ਮੇਰੀ ਆਉ (ਅੰਗ 1412) ਦੀ ਵੰਗਾਰ ਦਿੱਤੀ। ਸ੍ਰੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰ ਦਾਸ ਜੀ ਅਤੇ ਗੁਰੂ ਰਾਮ ਦਾਸ ਜੀ ਨੇ ਵੀ ਇਸ ਰਵਾਇਤ ਨੂੰ ਅੱਗੇ ਤੋਰਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਲੇਮੀ ਰਾਜ ਦਾ ਸੰਕਲਪ ਪੇਸ਼ ਕੀਤਾ। ਉਨ੍ਹਾਂ ਮੁਤਾਬਿਕ ਇਕ ਸ਼ਕਤੀਸ਼ਾਲੀ ਕੌਮ ਹੀ ਹਲੇਮੀ ਰਾਜ ਨੂੰ ਸਾਕਾਰ ਕਰ ਸਕਦੀ ਸੀ, ਜਿਸ ਦੀ ਉਸਾਰੀ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਕ ਕੇਂਦਰੀ ਗ੍ਰੰਥ ‘ਆਦਿ ਗ੍ਰੰਥ’ ਇਕ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੇ ਦਸਵੰਧ ਆਧਾਰਿਤ ਇਕ ਕੇਂਦਰੀ ਖਜ਼ਾਨਾ ਬਣਾ ਕੇ ਦਿੱਤਾ। ਅਨੇਕ ਧਰਮਾਂ ਦੀ ਪ੍ਰਫੁਲਤਾ ਦੇ ਪ੍ਰਤੀਕ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖੇ, ਜਿਸ ਦੀ ਨੀਂਹ ਸਾਈਂ ਮੀਆਂ ਮੀਰ ਕੋਲੋਂ ਰਖਵਾ ਕੇ ਇਸ ਨੂੰ ਧਾਰਮਿਕ ਸ਼ਹਿਣਸ਼ੀਲਤਾ ਤੇ ਇਨਸਾਨੀ ਭਾਈਚਾਰੇ ਦੀ ਪ੍ਰੇਰਨਾ ਦਾ ਸੋਮਾ ਬਣਾ ਦਿੱਤਾ। ਉਨ੍ਹਾਂ ਨੇ ਸਿੱਖ ਧਰਮ ਦੀ ਉਸਾਰੀ ਉਸ ਦੀਆਂ ਅੰਤਰੀਵੀ ਕੀਮਤਾਂ ‘ਤੇ ਕੀਤੀ। ਉਨ੍ਹਾਂ ਨੇ ਅਨੁਭਵ ਕੀਤਾ ਕਿ ਤਤਕਾਲੀਨ ਮਤ ਕਰਮ ਕਾਂਡੀ ਰੀਤਾਂ ਤੱਕ ਹੀ ਸੀਮਿਤ ਹੋ ਗਏ ਹਨ। ਇਸ ਕਰਕੇ ਉਨ੍ਹਾਂ ਨੇ ਆਪਣੇ ਧਰਮ-ਮਾਰਗ ਨੂੰ ਉਸ ਵੇਲੇ ਦੇ ਪ੍ਰਚਲਿਤ ਧਰਮਾਂ ਤੋਂ ਨਿਆਰਾ ਦੱਸਿਆ।
Guru Arjandev ji 1ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਲਹਿਰ ਨੂੰ ਇਸ ਤਰ੍ਹਾਂ ਸੰਚਾਲਿਤ ਕੀਤਾ ਕਿ ਸਿੱਖ ਆਤਮਕ ਤੌਰ ‘ਤੇ ਜਾਗ੍ਰਿਤ ਗ੍ਰਹਿਸਥੀਆਂ ਦੀ ਸੰਸਥਾ ਤੋਂ ਉੱਪਰ ਉੱਠ ਕੇ ਇਕ ਕੌਮ ਹੋਣ ਦਾ ਦਾਅਵਾ ਕਰਨ ਲੱਗੇ ਜੋ ਸਿਰਫ਼ ਆਤਮਾ ਦੀ ਵੰਗਾਰ ਦਾ ਹੀ ਨਹੀਂ ਸਗੋਂ ਇਕ ਬਲਵਾਨ ਸਾਮਰਾਜੀ ਸ਼ਕਤੀ ਦਾ ਸਾਹਮਣਾ ਕਰਨ ਲੱਗੇ। ਸਿੱਖ ਧਰਮ ਦੀ ਪ੍ਰਭੁਤਾ ਨੂੰ ਵੇਖ ਕੇ ‘ਦੁਬਸਤਾਨੇ ਮਜ਼ਾਹਬ’ ਦਾ ਕਰਤਾ ਮੁਹਸਨ ਫਾਨੀ ਲਿਖਦਾ ਹੈ ਕਿ ਸਿੱਖਾਂ ਨੇ ਵੱਡੀ ਸਲਤਨਤ ਅੰਦਰ ਇਕ ਤਰ੍ਹਾਂ ਦੀ ਸੁਤੰਤਰ ਸਰਕਾਰ ਸਾਜ ਰੱਖੀ ਹੈ, ਜਹਾਂਗੀਰ ਨੇ ਆਪਣੀ ਸਵੈ-ਜੀਵਨੀ ਤੌਜ਼ਕਿ ਜਹਾਂਗੀਰੀ ਵਿਚ ਸਿੱਖ ਲਹਿਰ ਦੀ ਚੜ੍ਹਤ ਨੂੰ ਈਰਖਾ ਭਰੀ ਨਜ਼ਰ ਨਾਲ ਦੇਖਦਿਆਂ ਹੋਇਆਂ ਇਸ ਨੂੰ ‘ਝੂਠ ਦੀ ਦੁਕਾਨ’ ਆਖਿਆ ਤੇ ਭਵਿੱਖ ਵਿਚ ਸਮਾਂ ਆਉਣ ‘ਤੇ ਇਸ ਨੂੰ ਬੰਦ ਕਰਨ ਦਾ ਪ੍ਰਣ ਦੁਹਰਾਇਆ ਹੈ। ਇਸ ਦੇ ਨਾਲ ਹੀ ਉਸ ਦੇ ਆਲੇ-ਦੁਆਲੇ ਸ਼ੇਖ ਅਹਿਮਦ ਸਰਹੰਦੀ ਤੇ ਉਸ ਦੇ ਇਕ ਗੁਰ-ਭਾਈ ਸ਼ੇਖ ਫ਼ਰੀਦ ਅੱਲਾ ਬੁਖਾਰੀ ਦਾ ਜਾਲ ਬੁਣਿਆ ਹੋਇਆ ਸੀ।
ਸ਼ੇਖ ਅਲ ਬੁਖਾਰੀ ਨੂੰ ਜਹਾਂਗੀਰ ਨੇ ਮੁਰਤਜ਼ਾ ਖਾਂ ਦਾ ਖ਼ਿਤਾਬ ਦੇ ਕੇ ਸਭ ਤੋਂ ਵੱਡਾ ਜਰਨੈਲ ਥਾਪ ਦਿੱਤਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਸ ਦੇ ਸਪੁਰਦ ਕਰਕੇ ਤਸੀਹੇ ਦੇ ਕੇ ਮਾਰਨ ਲਈ ਹੁਕਮ ਦਿੱਤਾ ਸੀ ਤੇ ਇਸ ਦੇ ਹੱਥੀਂ ਹੀ ਸੰਨ 1606 ਈ: ਨੂੰ ਗੁਰੂ ਜੀ ਦੀ ਸ਼ਹੀਦੀ ਹੋਈ ਸੀ।
ਸ਼ੇਖ ਅਹਿਮਦ ਸਰਹੰਦੀ ਦਾ ਦਬਦਬਾ ਜਹਾਂਗੀਰ ਦੇ ਗੱਦੀ ਉੱਤੇ ਬੈਠਣ ਨਾਲ ਬਹੁਤ ਵਧਿਆ, ਕਿਉਂਕਿ ਇਹਦਾ ਹੀ ਇਕ ਅਤਿ ਨਜ਼ਦੀਕੀ ਗੁਰ-ਭਾਈ ਸ਼ੇਖ ਫ਼ਰੀਦ ਅਲਬੁਖਾਰੀ ਮੁਰਤਜ਼ਾ ਖਾਨ ਜਹਾਂਗੀਰ ਵੇਲੇ ਮੁਗ਼ਲ ਰਾਜ ਦਾ ਸ਼ਕਤੀਸ਼ਾਲੀ ਦਰਬਾਰੀ ਬਣ ਚੁੱਕਾ ਸੀ। ਇਸ ਸਥਿਤੀ ਵਿਚ ਗੁਰੂ ਅਰਜਨ ਦੇਵ ਜੀ ਉੱਤੇ ਜਹਾਂਗੀਰ ਦੇ ਬਾਗੀ ਪੁੱਤਰ ਖੁਸ਼ਰੋ ਦੀ ਮਦਦ ਕਰਨ ਦਾ ਝੂਠਾ ਇਲਜ਼ਾਮ ਲਗਾਇਆ ਗਿਆ। ਜਹਾਂਗੀਰ ਅਤੇ ਕੱਟੜਪੰਥੀ ਟੋਲਾ ਸਾਰੇ ਭਾਰਤ ਨੂੰ ਦਾਰ-ਉਲ-ਇਸਲਾਮ ਅਰਥਾਤ ਇਸਲਾਮ ਦੀ ਧਰਤੀ ਬਣਾਉਣਾ ਚਾਹੁੰਦੇ ਸਨ। ਗੁਰੂ ਅਰਜਨ ਦੇਵ ਜੀ ਸਾਰੇ ਧਰਮਾਂ ਦੀ ਅਨੇਕਤਾ ਦੀ ਪ੍ਰਫੁੱਲਤਾ ਵਿਚ ਯਕੀਨ ਰੱਖਦੇ ਸਨ। ਇਸ ਗੱਲ ਦਾ ਪ੍ਰਤੱਖ ਪ੍ਰਮਾਣ ਆਦਿ ਗ੍ਰੰਥ ਦੀ ਸੰਪਾਦਨਾ ਸੀ, ਜਿਸ ਵਿਚ ਭਾਰਤ ਦੇ ਸਾਰੇ ਧਰਮਾਂ ਦੇ ਭਗਤਾਂ ਦੀ ਬਾਣੀ ਦੀ ਸੰਭਾਲ ਸਦਾ ਲਈ ਕਰ ਦਿੱਤੀ ਗਈ ਸੀ। ਮਜ਼ਹਬੀ ਤੁਅਸਬ ਦੀ ਨੀਤੀ ਕਾਰਨ ਸ਼ਹੀਦ ਕੀਤੇ ਗਏ। ਇਸ ਤਰ੍ਹਾਂ ਆਪ ਸਿੱਖ ਧਰਮ ਵਿਚ ਸ਼ਹੀਦਾਂ ਦੇ ਸਿਰਤਾਜ ਬਣੇ। ਉਨ੍ਹਾਂ ਦੀ ਸ਼ਹੀਦੀ ਦੇ ਬੜੇ ਦੂਰ-ਰੱਸ ਨਤੀਜੇ ਨਿਕਲੇ। ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਦੀਆਂ ਹਦਾਇਤਾਂ ਅਨੁਸਾਰ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਦੇ ਸਨ। ਇਸ ਤਰ੍ਹਾਂ ਰਾਜਸੀ ਤੇ ਅਧਿਆਤਮਿਕ ਸ਼ਕਤੀ ਦਾ ਸੰਯੋਗ ਕੀਤਾ ਜਾਂਦਾ ਹੈ। ਮੀਰੀ ਦੀ ਤਲਵਾਰ ਰਾਜਸੀ ਸ਼ਕਤੀ ਤੇ ਪੀਰੀ ਦੀ ਤਲਵਾਰ ਅਧਿਆਤਮਕ ਸ਼ਕਤੀ ਦਾ ਚਿੰਨ੍ਹ ਬਣਦੀ ਹੈ। ਸਰ ਸੱਯਦ ਮੁਹੰਮਦ ਲਤੀਫ ਅਨੁਸਾਰ ਸੰਗਤਾਂ ਫੌਜਾਂ ਦਾ ਰੂਪ ਧਾਰਦੀਆਂ ਹਨ। ਸਿੱਖ ਕੇਵਲ ਗੁਰਮੁਖ ਸਾਧ ਹੀ ਨਹੀਂ ਰਹਿੰਦੇ ਜਦੋਂ ਸੰਤ ਸਿਪਾਹੀ ਸੱਜ ਜਾਂਦੇ ਹਨ, ਸਿੱਖਾਂ ਵਿਚ ਆਤਮਕ ਬਲ ਤੇ ਬਹੂਬਲ ਦੋਵੇਂ ਪ੍ਰਵੇਸ਼ ਕਰਦੇ ਹਨ। ਪਿੱਛੋਂ ਜਾ ਕੇ ਖ਼ਾਲਸਾ ਪੰਥ ਦੀ ਸਿਰਜਨਾ ਵਿਚ ਇਹ ਦੋਵੇਂ ਰੂਪ ਆਧਾਰ ਬਣਦੇ ਹਨ।

-ਐਮ. ਏ., ਐਮ. ਫਿਲ, ਪੀ. ਐਚ. ਡੀ.

rbanner1

Share