Books

ਲਹੂ ਲੁਹਾਣ ਪੰਜਾਬ

ਲੇਖਕ : ਅਮੋਲਕ ਸਿੰਘ ਜਸਪਾਲ ਜੱਸੀ
ਪ੍ਰਕਾਸ਼ਕ : ਸੁਰਖ ਲੀਹ ਪ੍ਰਕਾਸ਼ਨ, ਰਾਮਪੁਰਾ ਫੂਲ (ਬਠਿੰਡਾ)
ਮੁੱਲ : 120 ਰੁਪਏ, ਸਫ਼ੇ : 144

lahooluuhaan-punjab‘ਲਹੂ ਲੁਹਾਣ ਪੰਜਾਬ’ ਅਮੋਲਕ ਸਿੰਘ ਅਤੇ ਜਸਪਾਲ ਜੱਸੀ ਦੀ ਅਜਿਹੀ ਪੁਸਤਕ ਹੈ, ਜਿਸ ਵਿਚ ਲੇਖਕਾਂ ਨੇ ਪੰਜਾਬ ਦੇ ਉਸ ਖੂਨੀ ਦੌਰ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ, ਜਿਸ ਨਾਲ ਪੰਜਾਬ ਵਿਚ ਪੈਦਾ ਹੋਇਆ ਸੰਕਟ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਵਿਦਮਾਨ ਦਿਖਾਈ ਦਿੰਦਾ ਹੈ।
ਲੇਖਕਾਂ ਅਨੁਸਾਰ ਭਾਵੇਂ ਪੰਜਾਬ ਵਿਚ ਹਕੂਮਤੀ ਜਬਰ ਸੀ ਜਾਂ ਫਿਰ ਅੱਤਵਾਦ ਦਾ ਦਾਬਾ ਸੀ, ਉਸ ਨਾਲ ਲਹੂ-ਲੁਹਾਣ ਤਾਂ ਪੰਜਾਬ ਹੀ ਹੋਇਆ ਹੈ, ਜਿਸ ਨਾਲ ਪੰਜਾਬ ਦਾ ਸਰਬਪੱਖੀ ਵਿਨਾਸ਼ ਹੋਇਆ ਅਤੇ ਵਿਕਾਸ ਰੁਕਿਆ। ਪੰਜਾਬ ਸਮੱਸਿਆ ਦੀ ਪਿੱਠ ਭੂਮੀ ਉਲੀਕਦਿਆਂ ਲੇਖਕਾਂ ਨੇ ਪੰਜਾਬ ਵਿਚ ਜਾਤੀ ਫ਼ਿਰਕਾਪ੍ਰਸਤੀ ਤਹਿਤ ਹੋਏ ਕਤਲਾਂ ਦਾ ਵੇਰਵਾ ਦੇਣ ਦੇ ਨਾਲ-ਨਾਲ ਹਕੂਮਤ ਦੁਆਰਾ ਨਿਰਦੋਸ਼ ਲੋਕਾਂ ਦੇ ਢਾਹੇ ਜਬਰ ਅਤੇ ਜ਼ੁਲਮ ਦਾ ਵੇਰਵਾ ਵੀ ਸੰਨ, ਮਿਤੀਆਂ, ਸਥਾਨ ਮੁਤਾਬਿਕ ਦੇਣ ਦਾ ਉਪਰਾਲਾ ਕੀਤਾ ਹੈ।
ਇਸ ਦੌਰਾਨ ਕਮਿਊਨਿਸਟ ਲਹਿਰ ਨਾਲ ਜੁੜੇ ਵਿਅਕਤੀਆਂ ਦੀ ਦਲੇਰੀ ਅਤੇ ਕੁਰਬਾਨੀ ਬਾਰੇ ਵੀ ਜ਼ਿਕਰ ਕੀਤਾ ਹੈ। ਆਮ ਸਾਧਾਰਨ ਲੋਕਾਂ ਦੀ ਜ਼ਿਹਨੀਅਤ ਵਿਚ ਪੈਦਾ ਹੋਏ ਡਰ ਅਤੇ ਖੌਫ਼ ਦੇ ਨਾਲ-ਨਾਲ ਲੇਖਕਾਂ ਨੇ ਉਨ੍ਹਾਂ ਲੋਕਾਂ ਦਾ ਜ਼ਿਕਰ ਵੀ ਛੇੜਿਆ ਹੈ, ਜਿਨ੍ਹਾਂ ਨੇ ਇਸ ਦੌਰ ਦੌਰਾਨ ਆਪਣੀ ਰੱਖਿਆ ਹਥਿਆਰਬੰਦ ਹੋ ਕੇ ਕੀਤੀ। ਲੇਖਕਾਂ ਨੇ ਇਸ ਦੌਰਾਨ ਦੀਆਂ ਘਟਨਾਵਾਂ ਨੂੰ ਪੇਸ਼ ਕਰਨ ਦੇ ਨਾਲ-ਨਾਲ ਆਪਣੇ ਨਜ਼ਰੀਏ ਤੋਂ ਇਸ ਦਾ ਵਿਸ਼ਲੇਸ਼ਣ ਕਰਨ ਦਾ ਵੀ ਯਤਨ ਕੀਤਾ ਹੈ।
ਸਮੁੱਚੇ ਤੌਰ ‘ਤੇ ਲੇਖਕ ਇਸ ਸਿੱਟੇ ‘ਤੇ ਪਹੁੰਚਦੇ ਹਨ ਕਿ ਪੰਜਾਬ ਤੋਂ ਬਾਹਰ ਵਸਦੇ ਪੰਜਾਬੀ ਵੀ ਇਸ ਸਮੱਸਿਆ ਨਾਲ ਪ੍ਰਭਾਵਿਤ ਹੋਏ ਪਰ ਕਿਸੇ ਵੀ ਜਬਰ ਦਾ ਟਾਕਰਾ ਸੰਘਰਸ਼ਸ਼ੀਲ ਹੋ ਕੇ ਅਤੇ ਚੇਤੰਨ ਹੋ ਕੇ ਹੀ ਕੀਤਾ ਜਾ ਸਕਦਾ ਹੈ।

+++++++++++

 

ਸਰਦਾਰ ਹਰੀ ਸਿੰਘ ਨਲਵਾ
(ਵਾਰਾਂ ਤੇ ਜੰਗਨਾਮੇ)
ਸੰਪਾਦਕ : ਦਿਲਜੀਤ ਸਿੰਘ ਬੇਦੀ
ਜਸਬੀਰ ਸਿੰਘ ਸਰਨਾ (ਡਾ:)
ਪ੍ਰਕਾਸ਼ਕ : ਸਿੱਖ ਇਤਿਹਾਸ ਰਿਸਰਚ ਬੋਰਡ, ਸ਼੍ਰੋ. ਗੁ. ਪ੍ਰ. ਕਮੇਟੀ, ਸ੍ਰੀ ਅੰਮ੍ਰਿਤਸਰ
ਮੁੱਲ : 65 ਰੁਪਏ, ਸਫ਼ੇ : 224

ਸ: ਦਿਲਜੀਤ ਸਿੰਘ ਬੇਦੀ ਅਤੇ ਡਾ: ਜਸਬੀਰ ਸਿੰਘ ਸਰਨਾ ਸੰਪਾਦਨ ਕਲਾ ਦੀ ਡੂੰਘੀ ਸਮਝ ਰੱਖਣ ਵਾਲੇ ਵਿਦਵਾਨ ਹਨ। ਇਸ ਪੁਸਤਕ ਵਿਚ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਮਹਾਨ ਜਰਨੈਲ ਸ: ਹਰੀ ਸਿੰਘ ਨਲਵਾ ਬਾਰੇ ਲਿਖੀਆਂ ਸੀਹਰਫ਼ੀਆਂ, ਜੰਗਨਾਮਿਆਂ ਅਤੇ ਵਾਰਾਂ ਨੂੰ ਸੰਕਲਿਤ ਕੀਤਾ ਹੈ। ਸ: ਨਲਵਾ ਇਕ ਕੁਸ਼ਲ ਅਤੇ ਵੀਰ ਜਰਨੈਲ ਹੋਣ ਦੇ ਨਾਲ-ਨਾਲ ਲੋਕ-ਨਾਇਕ ਵੀ ਸੀ। ਇਹੀ ਕਾਰਨ ਹੈ ਕਿ ਉਸ ਬਾਰੇ ਮਧਕਾਲੀਨ ਕਿੱਸਾ ਕਵੀਆਂ ਕਾਦਰ ਯਾਰ, ਰਾਮ ਦਿਆਲ ਅਣਦ, ਸਹਾਈ ਸਿੰਘ, ਗੁਰਮੁਖ ਸਿੰਘ ਅਤੇ ਕਾਨ੍ਹ ਸਿੰਘ ਬੰਗਾ ਦੇ ਨਾਲ-ਨਾਲ ਪ੍ਰੋ: ਮੋਹਨ ਸਿੰਘ, ਗੁਰਦਿੱਤ ਸਿੰਘ ਕੁੰਦਨ, ਜਸਵੰਤ ਸਿੰਘ ਵੰਤਾ, ਹਰਿੰਦਰ ਸਿੰਘ ਰੂਪ, ਹਰਸਾ ਸਿੰਘ ਚਾਤਰ, ਸੋਹਣ ਸਿੰਘ ਸੀਤਲ, ਵਿਧਾਤਾ ਸਿੰਘ ਤੀਰ, ਕਰਤਾਰ ਸਿੰਘ ਕਲਾਸਵਾਲੀਆ, ਪੂਰਨ ਸਿੰਘ ਭੌਰ ਅਤੇ ਗ਼ਦਰ ਲਹਿਰ ਦੇ ਕਵੀਆਂ ਸਮੇਤ ਕੁੱਲ 28 ਕਵੀਆਂ ਨੇ ਵਾਰਾਂ, ਬੀਰਰਸੀ ਕਵਿਤਾਵਾਂ ਅਤੇ ਜੰਗਨਾਮਿਆਂ ਦੀ ਰਚਨਾ ਕੀਤੀ ਹੈ।
ਸੰਪਾਦਕਾਂ ਨੇ ਇਸ ਪੁਸਤਕ ਦੇ ਨਾਇਕ ਅਤੇ ਕਵੀਆਂ-ਕਿੱਸਾਕਾਰਾਂ ਬਾਰੇ ਇਕ ਬੜੀ ਢੁਕਵੀਂ ਭੂਮਿਕਾ ਵੀ ਲਿਖੀ ਹੈ। ਸੰਪਾਦਕਾਂ ਅਨੁਸਾਰ, ‘ਇਨ੍ਹਾਂ ਰਚਨਾਵਾਂ ਦਾ ਕੇਂਦਰੀ ਨੁਕਤਾ ਇਹ ਹੈ ਕਿ ਇਨ੍ਹਾਂ ਵਿਚ ਸਰਦਾਰ ਹਰੀ ਸਿੰਘ ਆਦਰਸ਼ਕ ਨਾਇਕ ਦਾ ਰੁਤਬਾ ਪ੍ਰਾਪਤ ਕਰਦਾ ਹੈ। ਇਹ ਸ਼ਾਇਰ ਜਿਥੇ ਸ: ਨਲਵੇ ਦੇ ਆਦਰਸ਼ਕ ਚਰਿੱਤਰ ਨੂੰ ਪ੍ਰਸਤੁਤ ਕਰਦੇ ਹਨ, ਉਥੇ ਸਮਕਾਲੀ ਪ੍ਰਸਥਿਤੀਆਂ, ਸਿਆਸੀ ਸ਼ਤਰੰਜ ਅਤੇ ਕੁਟਲ ਨੀਤੀਆਂ ਬਾਰੇ ਵੀ ਸੰਕੇਤ ਕਰਦੇ ਹਨ।’ ਇਸ ਪੁਸਤਕ ਵਿਚ ਹਰ ਕਵੀ ਦੇ ਦ੍ਰਿਸ਼ਟੀਕੋਣ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਪੁਸਤਕ ਦੇ ਅੰਤਿਮ ਭਾਗ ਵਿਚ ਹਰ ਕਵੀ ਦਾ ਸੰਖੇਪ ਜੀਵਨ-ਬਿਊਰਾ ਦਿੱਤਾ ਗਿਆ ਹੈ ਤਾਂ ਜੋ ਕਾਲਜਾਂ, ਯੂਨੀਵਰਸਿਟੀਆਂ ਦੇ ਖੋਜਾਰਥੀ, ਕਵੀਆਂ ਦੇ ਜੀਵਨ ਨਾਲ ਸਬੰਧਤ ਤੱਥਾਂ ਤੋਂ ਫਾਇਦਾ ਉਠਾ ਸਕਣ।
ਦਿਲਜੀਤ ਸਿੰਘ ਬੇਦੀ ਮੱਧਕਾਲੀਨ ਅਤੇ ਆਧੁਨਿਕ ਸਾਹਿਤ ਵਿਚ ਇਕ ਸਵਸਥ ਰਿਸ਼ਤਾ ਜੋੜ ਰਿਹਾ ਹੈ। ਡਾ: ਜਸਬੀਰ ਸਿੰਘ ਸਰਨਾ ਵੀ ਖੋਜ ਅਤੇ ਆਲੋਚਨਾ ਦੇ ਖੇਤਰ ਵਿਚ ਇਕ ਸਥਾਪਤ ਨਾਂਅ ਹੈ। ਦੋਵਾਂ ਦੀ ਮਿਹਨਤ ਇਸ ਪੁਸਤਕ ਵਿਚ ਸਾਫ਼ ਝਲਕਦੀ ਹੈ।

rbanner1

Share