Poetry

ਲੱਸੀ ਤੇ ਚਾਹ

 

ਲੱਸੀ ਚਾਹ ਨੂੰ ਕਹਿੰਦੀ ਏ
ਮੈਂ ਸੋਹਣੀ, ਮੈਂ ਗੋਰੀ-ਗੋਰੀ ਤੂੰ ਕਾਲੀ ਕਲਵੱਟੀ,
ਮੈਂ ਨੀਂਦਰ ਦਾ ਸੁੱਖ ਸਨਿਉੜਾ, ਤੂੰ ਜਗਰਾਤੇ ਪੱਟੀ |
ਜਿਸ ਵੇਲੇ ਮੈਂ ਚਾੲੀਂ-ਚਾੲੀਂ, ਛੰਨੇ ਅੰਦਰ ਛਲਕਾਂ,
ਕਿਹੜਾ ਸਾਂਭੇ ਮੇਰੀਆਂ ਲਿਸ਼ਕਾਂ, ਕੌਣ ਸੰਭਾਲੇ ਡਲਕਾਂ |
ਰੰਗ ਮੇਰਾ ਵੀ ਮੱਖਣ ਵਰਗਾ, ਰੂਪ ਵੀ ਮੇਰਾ ਸੁੱਚਾ,
ਦੁੱਧ ਮਲਾਈ ਮਾਂ ਪਿਓ ਮੇਰੇ, ਮੇਰਾ ਅਸਲਾ ਉੱਚਾ |
ਜਿਹੜਾ ਮੈਨੂੰ ਰਿੜਕਣ ਬੈਠੇ, ਉਸ ‘ਤੇ ਵਾਰੀ ਜਾਵਾਂ,
ਖੜਕੇ ਢੋਲ ਮਧਾਣੀ ਵਾਲਾ, ਮੈਂ ਵਿਚ ਭੰਗੜੇ ਪਾਵਾਂ |

ਮੈਂ ਲੋਕਾਂ ਦੀ ਸਿਹਤ ਬਣਾਵਾਂ, ਓਏ ਤੂੰ ਪਈ ਸਿਹਤ ਵਿਗਾੜੇਂ,
ਮੈਂ ਪਈ ਠੰਢ ਕਲੇਜੇ ਪਾਵਾਂ, ਤੂੰ ਪਈ ਸੀਨੇ ਸਾੜੇਂ |
ਚਾਹ ਅੱਗੋਂ ਕਹਿੰਦੀ ਏ…
ਪੈ ਗਈ ਏਾ ਨੀ ਮਾਈ ਬਗੋ, ਮੇਰੇ ਮਗਰ ਧਿਙਾਣੇ,
ਮੇਰੀਆਂ ਸੁੜਕੀਆਂ ਭਰਦੇ ਜਿਹੜੇ ਓਹੋ ਲੋਕ ਸਿਆਣੇ |
ਮੇਰਾ ਹੁਸਨ ਪਛਾਨਣ ਜਿਹੜੇ, ਦਿਲ ਮੈਂ ਉਨ੍ਹਾਂ ਦੇ ਠੱਗਾਂ,
ਮੇਰਾ ਰੰਗ ਕਲੀਖਣ ਉਤੇ ਲੈਲਾ ਵਰਗੀ ਲੱਗਾਂ |
ਪਿੰਡੇ ਦੀ ਮੈਂ ਪੀੜ ਗਵਾਵਾਂ, ਜੜ੍ਹੋਂ ਥਕੇਵੇਂ ਭੋਰਾਂ,
ਠਰਿਆਂ ਹੋਇਆਂ ਜੁੱਸਿਆਂ ਨੂੰ ਮੈਂ, ਮਿੱਠੀਆਂ ਕਰਾਂ ਟਕੋਰਾਂ |
ਤੂੰ ਏਾ ਖੰਘ, ਜ਼ੁਕਾਮ ਤੇ ਨਜ਼ਲਾ, ਕੀ ਮੈਂ ਗਿਣਗਿਣ ਦੱਸਾਂ,
ਮੇਰੇ ਨਿੱਘੇ ਘੁੱਟ ਉਤਾਰਨ ਚੜ੍ਹੀਆਂ ਹੋਈਆਂ ਕੱਸਾਂ |
ਤੇ ਕੱਜੀ ਰਹੁ ਤੂੰ ਕੁੱਜੇ ਅੰਦਰ ਤੈਨੂੰ ਕੀ ਤਕਲੀਫ਼ਾਂ,
ਜੇ ਮੈਂ ਸੋਹਣੀਆਂ ਮੇਜ਼ਾਂ ਉਤੇ ਰੱਖਾਂ ਪਈ ਤਸ਼ਰੀਫ਼ਾਂ |
ਲੱਸੀ ਕਹਿੰਦੀ ਏ…
ਆਪਣੀ ਜਾਤ ਕੁੜੱਤਣ ਹੋਵੇ, ਮਿਸ਼ਰੀ ਨਾਲ ਨਾ ਲੜੀਏ
ਨੀ ਕਲਮੁਹੀਏ ਕੌੜੀਏ ਤੱਤੀਏ ਭੈੜੀਏ ਨਖਰੇ ਸੜੀਏ |
ਨਾ ਕੋਈ ਸੀਰਤ ਨਾ ਕੋਈ ਸੂਰਤ, ਮੰੂਹ ਕੋਈ ਨਾ ਮੱਥਾ,
ਤੂੰ ਤੇ ਇੰਜ ਜਾਪੇ ਜਿਉਂਕਰ ਜਿੰਨ ਪਹਾੜੋਂ ਲੱਥਾ |
ਮੈਨੂੰ ਪੁੱਛ ਹਕੀਕਤ ਆਪਣੀ, ਬਣੀ ਫਿਰੇਂ ਤੂੰ ਰਾਣੀ,
ਸ਼ੰੂ-ਸ਼ੰੂ ਕਰਦਾ, ਹੌਕੇ ਭਰਦਾ ਕੌੜਾ ਤੱਤਾ ਪਾਣੀ |
ਭੁੱਖ-ਤ੍ਰੇਹ ਦੀ ਦੁਸ਼ਮਣ ਵੈਰਨ, ਕੀ ਤੇਰੀ ਭਲਿਆਈ,
ਓ ਬੰਦਿਆਂ ਦੀ ਤੰੂ ਚਰਬੀ ਖੋਰੇਂ, ਨਾਲ ਕਰੇਂ ਵਡਿਆਈ |
ਤੇਰਾ ਚੋਇਆ ਢੈ ਕੇ ਜਿਹੜੇ ਕੱਪੜੇ ਨੂੰ ਤਰਕਾਵੇ
ਸਾਲਮ ਗਾਚੀ ਸਾਬਣ ਖੁਰ ਜੇ, ਦਾਗ਼ ਨਾ ਉਸ ਦਾ ਜਾਵੇ |
ਚਾਹ ਕਹਿੰਦੀ…
ਮੇਰੇ ਸਿਰ ਤੂੰ ਭਾਂਡੇ ਭੰਨੇ ਲੈ ਹੁਣ ਮੇਰੀ ਵਾਰੀ,
ਤੇਰੀਆਂ ਵੀ ਕਰਤੂਤਾਂ ਜਾਣੇ ਵੱਸਦੀ ਦੁਨੀਆ ਸਾਰੀ |
ਤੈਨੂੰ ਪੀਣੇ ਲਈ ਜੇ ਕੋਈ ਭਾਂਡੇ ਦੇ ਵਿਚ ਪਾਵੇ,
ਥਿੰਦਾ ਹੋ ਜੇ ਭਾਂਡਾ ਨਾਲੇ ਮੁਸ਼ਕ ਨਾ ਉਸ ਦੀ ਜਾਵੇ |
ਤੈਨੂੰ ਮੁੱਢ ਕਦੀਮ ਤੋਂ ਵਗੀਆਂ ਰੱਬ ਦੀਆਂ ਏ ਮਾਰਾਂ,
ਤੇਰੇ ਕੋਲੋਂ ਖੱਟੀਆਂ ਲੋਕਾਂ, ਖੱਟੀਆਂ ਕਈਆਂ ਡਕਾਰਾਂ |
ਮੇਰਾ ਘੁੱਟ ਭਰੇ ਤੇ ਅੜੀਏ ਜਈ ਉਡਾਰੀ ਮਾਰੇ,
ਅੱਗੇ ਲੰਘ ਜਾਏ ਸੋਚ ਦਾ ਪੰਛੀ ਪਿਛੇ ਰਹਿ ਜਾਣ ਤਾਰੇ |
ਮੈਨੂੰ ਪੀ ਕੇ ਸ਼ਾਇਰ ਕਰਦੇ ਗੱਲਾਂ ਸੁੱਚੀਆਂ ਖਰੀਆਂ,
ਮੈਂ ਤੇ ਿਖ਼ਆਲ ਦੀ ਡੋਰੀ ਉਤੇ ਨਿੱਤ ਨਚਾਵਾਂ ਪਰੀਆਂ |
ਮੈਂ ਕੀ ਜਾਣਾ ਤੇਰੀਆਂ ਬੜਕਾਂ ਮੈਂ ਕੀ ਸਮਝਾਂ ਤੈਨੂੰ,
ਦੁੱਧ ਕਰੇ ਇਨਸਾਫ਼ ਤੇ ਇਹ ਮਨਜ਼ੂਰ ਏ ਬੀਬੀ ਮੈਨੂੰ |
ਦੁੱਧ…
ਏਥੇ ਮੈਂ ਕੀ ਬੋਲਾਂ ਕੁੜੀਓ, ਮਸਲਾ ਏ ਡਾਢਾ ਔਖਾ,
ਗੁੰਝਲ ਜਿਹੜਾ ਪਾਇਆ ਜੇ ਨਈ ਖੁੱਲ੍ਹਣਾ ਐਡਾ ਸੌਖਾ |
ਤੇ ਘਰ ਦਾ ਜੀ ਏ ਹੁਣ ਤੇ ਚਾਹ ਵੀ ਏਹ ਵੀ ਚੰਗੀ ਲੱਗੇ,
ਤੇ ਲੱਸੀ ਮੇਰੀ ਜੰਮੀ ਜਾਈ ਪੁੱਤਰਾਂ ਨਾਲੋਂ ਅੱਗੇ |
ਦੋਵੇਂ ਮੇਰੀ ਪੱਤ ਏ, ਇੱਜ਼ਤ ਕਰਾਂ ਮੈਂ ਖਿੰਝ ਨਾ ਖੇੜਾ,
ਸਹੇੜ ਲਿਆ ਏ ਜੁਗੋਂ ਵੱਖਰਾ ਏਹ ਕੀ ਤੁਸਾਂ ਬਖੇੜਾ |
ਕੀਹਨੂੰ ਅੱਜ ਸਿਆਣੀ ਆਖਾਂ, ਕੀਹਨੂੰ ਆਖਾਂ ਝੱਲੀ,
ਦੋਵਾਂ ਪਾਸੇ ਰਿਸ਼ਤਾ ਮੇਰਾ, ਓ ਮੈਨੂੰ ਖਿੱਚ ਦੁਵੱਲੀ |
ਸਕੀ ਜੇਹੀ ਮਤਰੇਈ ਹੁੰਦੀ, ਚੰਗੇ ਹੋਣ ਜੇ ਮਾਪੇ,
ਮੇਰਾ ਵੋਟ ਏ ਦੋਵਾਂ ਵੱਲੇ ਨਿਬੜ ਲਓ ਤੁਸੀਂ ਆਪੇ |
ਚਾਹ ਕਹਿੰਦੀ…
ਮੈਂ ਤੇ ਨਿਬੜ ਲਾਂ ਗੀ ਏਹਨੂੰ ਚਾਚਾ ਕਲੱਮ ਕੱਲੀ,
ਸ਼ੁਕਰ ਖ਼ੁਦਾ ਦਾ ਮੈਂ ਨਾ ਹੋਈ ਏਹਦੇ ਵਰਗੀ ਝੱਲੀ |
ਸ਼ਹਿਰਾਂ ਵਿਚ ਨੲੀਂ ਏਹਨੂੰ ਕੋਈ ਕਿਧਰੇ ਵੀ ਮੰੂਹ ਲਾਂਦਾ,
ਹਰ ਕੋਈ ਮੇਰੀਆਂ ਸਿਫ਼ਤਾਂ ਕਰਦਾ ਸਦਕੇ ਹੋ ਹੋ ਜਾਂਦਾ |
ਲੱਸੀ ਫਿਰ ਬੋਲੀ…
ਸਾਂਭੀ ਰਹੁ ਨੀ ਚੈਣਕ ਬੇਗਮ, ਠੱਬੀ ਰੱਖ ਵਡਿਆਈਆਂ,
ਮੈਂ ਕੀ ਦੱਸਾਂ ਘਰ ਘਰ ਜੇਹੜੀਆਂ ਦੁੱਧ ਚਵਾਤੀਆਂ ਲਾਈਆਂ |
ਗੱਲਾਂ ਕਰਦੀ ਥੱਕਦੀ ਨੲੀਂ ਤੂੰ ਜੀਭ ਨੂੰ ਲਾ ਨੀ ਤਾਲਾ,
ਖੰਡ ਵੀ ਕੌੜੀ ਕੀਤੀ ਆ ਤੇ ਦੁੱਧ ਵੀ ਕੀਤੋ ਈ ਕਾਲਾ |
ਬਹੁਤੀ ਬੁੜਬੁੜ ਨਾ ਕਰ ਬੀਬੀ ਨਾ ਕਰ ਐਡਾ ਧੱਕਾ,
ਓਏ ਤੇਰੇ ਜਈ ਕੁਚੱਜੀ ਕੋਝੀ ਮੇਰੇ ਨਾਲ ਮੁਤੱਕਾ |
ਮੇਰੀ ਚੌਧਰ ਚਾਰ ਚੁਫੇਰੇ, ਤੇਰੀ ਮੰਨਤਾ ਥੋੜ੍ਹੀ,
ਮੈਂ ਦੇਸਾਂ ਦੀ ਸੂਬੇਰਾਣੀ, ਤੂੰ ਪ੍ਰਦੇਸਣ ਛੋਰ੍ਹੀ |
ਦੇਸ ਪਰਾਏ ਰਾਣੀ ਖਾਂ ਦੀ ਤੰੂ ਸਾਲੀ ਬਣ ਬੈਠੀ,
ਮੰਗਣ ਆਈ ਅੱਗ ਤੇ ਆਪੂ ਘਰਵਾਲੀ ਬਣ ਬੈਠੀ |
ਰੱਬ ਕਰੇ ਨੀ ਇਕੋ ਵਾਰੀ ਘੁੱਟ ਭਰੇ ਕੋਈ ਤੇਰਾ,
ਤੇਰਾ ਈ ਅੰਗਰੇਜ਼ਾਂ ਵਾਂਗੰ ਪੱਟਿਆ ਜਾਵੇ ਡੇਰਾ |
-ਅਨਵਰ ਮਸੂਦ

rbanner1

Share